ਭਾਜਪਾ ਸਰਕਾਰ ਨੇ ਚਾਰ ਫ਼ੀਸਦੀ ਮੁਸਲਿਮ ਰਾਖਵਾਂਕਰਨ ਖ਼ਤਮ ਕੀਤਾ: ਸ਼ਾਹ

ਭਾਜਪਾ ਸਰਕਾਰ ਨੇ ਚਾਰ ਫ਼ੀਸਦੀ ਮੁਸਲਿਮ ਰਾਖਵਾਂਕਰਨ ਖ਼ਤਮ ਕੀਤਾ: ਸ਼ਾਹ


ਗੁੱਭੀ, 1 ਮਈ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਇੱਥੇ ਭਾਜਪਾ ਉਮੀਦਵਾਰ ਦੇ ਹੱਕ ‘ਚ ਰੋਡ ਸ਼ੋਅ ਕੱਢਦਿਆਂ ਲੋਕਾਂ ਤੋਂ 10 ਮਈ ਨੂੰ ਹੋ ਰਹੀਆਂ ਕਰਨਾਟਕ ਵਿਧਾਨ ਚੋਣਾਂ ਲਈ ਸਮਰਥਨ ਮੰਗਿਆ। ਸ਼ਾਹ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਇੱਕ ਗੱਡੀ ਵਿੱਚ ਖੜ੍ਹੇ ਸਨ ਅਤੇ ਸੜਕ ਦੇ ਦੋਵੇਂ ਪਾਸੇ ਅਤੇ ਛੱਤਾਂ ‘ਤੇ ਖੜ੍ਹੇ ਲੋਕਾਂ ਨੇ ਕੇਂਦਰੀ ਮੰਤਰੀ ‘ਤੇ ਫੁੱਲ ਬਰਸਾਏ। ਇੱਥੇ ਟੁਮਕੂਰੂ ਜ਼ਿਲ੍ਹੇ ਵਿੱਚ ਰੋਡ ਸ਼ੋਅ ਦੀ ਸਮਾਪਤੀ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਭਾਜਪਾ ਉਮੀਦਵਾਰ ਨੂੰ ਬਹੁਮੱਤ ਨਾਲ ਜਿਤਾਉਣ ਦੀ ਅਪੀਲ ਕੀਤੀ ਤਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੂਬੇ ਵਿੱਚ ‘ਡਬਲ ਇੰਜਣ ਦੀ ਸਰਕਾਰ’ ਸੱਤਾ ਵਿੱਚ ਲਿਆਂਦੀ ਜਾ ਸਕੇ। ਸ਼ਾਹ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੀਐੱਸ ਯੇਦੀਯੁਰੱਪਾ ਅਤੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਰਨਾਟਕ ਲਈ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਮੁਸਲਮਾਨਾਂ ਨੂੰ ਮਿਲਣ ਵਾਲਾ ਚਾਰ ਫ਼ੀਸਦੀ ਰਾਖਵਾਂਕਰਨ ਖ਼ਤਮ ਕੀਤਾ ਅਤੇ ਐੱਸਸੀ/ਐੱਸਟੀ ਵਰਗਾਂ ਲਈ ਕੋਟਾ ਵਧਾ ਦਿੱਤਾ ਹੈ। ਉਨ੍ਹਾਂ ਕਿਹਾ, ”ਜੇਕਰ ਕਾਂਗਰਸ ਸੱਤਾ ਵਿੱਚ ਆਵੇਗੀ ਤਾਂ ਉਹ (ਵਧਾਏ ਗਏ) ਇਨ੍ਹਾਂ ਸਾਰੇ ਕੋਟਿਆਂ ਨੂੰ ਵਾਪਸ ਲੈ ਲਵੇਗੀ ਅਤੇ ਇੱਕ ਵਾਰ ਮੁੜ ਤੋਂ ਮੁਸਲਿਮ ਰਾਖਵਾਂਕਰਨ ਲੈ ਆਵੇਗੀ। ਕੀ ਤੁਸੀਂ ਚਾਰ ਫ਼ੀਸਦੀ ਮੁਸਲਿਮ ਰਾਖਵਾਂਕਰਨ ਚਾਹੁੰਦੇ ਹੋ?” ਉਨ੍ਹਾਂ ਕਿਹਾ, ”ਜੇਕਰ ਤੁਸੀਂ ਕਰਨਾਟਕ ਵਿੱਚ ਡਬਲ ਇੰਜਣ ਦੀ ਸਰਕਾਰ ਲਿਆਉਂਦੇ ਹੋ ਤਾਂ ਮੋਦੀ ਜੀ ਇਸ ਵਾਰ ਮੁੜ 2024 ਵਿੱਚ ਪ੍ਰਧਾਨ ਮੰਤਰੀ ਬਣਨਗੇ।” -ਪੀਟੀਆਈ

ਹਾਰ ਦੀ ‘ਨਿਰਾਸ਼ਾ’ ਤੋਂ ਜ਼ਹਿਰ ਉਗਲ ਰਹੇ ਹਨ ਕਾਂਗਰਸੀ ਆਗੂ: ਨੱਢਾ

ਬੰਗਲੂਰੂ: ਭਾਜਪਾ ਨੇ ਕਾਂਗਰਸ ਆਗੂ ਪ੍ਰਿਯਾਂਕ ਖੜਗੇ ਵੱਲੋਂ ਨਰਿੰਦਰ ਮੋਦੀ ਨੂੰ ‘ਨਲਾਇਕ’ ਦੱਸਣ ਮਗਰੋਂ ਅੱਜ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਆਪਣੇ ਆਕਾਵਾਂ (ਸੋਨੀਆ ਗਾਂਧੀ ਤੇ ਰਾਹੁਲ ਗਾਂਧੀ) ਨੂੰ ‘ਖ਼ੁਸ਼’ ਕਰਨ ਲਈ ਹੀ ਪ੍ਰਧਾਨ ਮੰਤਰੀ ਖਿਲਾਫ਼ ਅਜਿਹੀ ਭਾਸ਼ਾ ਦੀ ਵਰਤੋਂ ਕਰ ਰਹੇ ਹਨ। ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ.ਨੱਢਾ ਨੇ ਕਿਹਾ ਕਿ ਕਾਂਗਰਸ ਇਸ ਵੇਲੇ ‘ਮਾਨਸਿਕ ਦੀਵਾਲੀਆਪਣ’ ਵਿਚੋਂ ਲੰਘ ਰਹੀ ਹੈ ਤੇ ਇਸ ਦੇ ਆਗੂ ਪ੍ਰਧਾਨ ਮੰਤਰੀ ਖਿਲਾਫ਼ ਅਪਮਾਨਜਨਕ ਭਾਸ਼ਾ ਵਰਤਣ ਲਈ ਗਾਂਧੀ ਪਰਿਵਾਰ ਦੇ ਪਿਛਲੱਗ ਬਣੇ ਹੋਏ ਹਨ। ਭਾਜਪਾ ਪ੍ਰਧਾਨ ਨੇ ਦਾਅਵਾ ਕੀਤਾ ਕਿ ਕਾਂਗਰਸ ਦੱਖਣੀ ਰਾਜ ਵਿੱਚ ਪਹਿਲਾਂ ਹੀ ਚੋਣ ਹਾਰ ਚੁੱਕੀ ਹੈ ਤੇ ਇਹੀ ਵਜ੍ਹਾ ਹੈ ਕਿ ਪਾਰਟੀ ਦੇ ਆਗੂ, ਜੋ ‘ਨਿਰਾਸ਼ਾ’ ਵਿੱਚ ਹਨ, ‘ਜ਼ਹਿਰ’ ਉਗਲ ਰਹੇ ਹਨ। ਉਧਰ ਭਾਜਪਾ ਆਈਟੀ ਵਿਭਾਗ ਦੇ ਮੁਖੀ ਅਮਿਤ ਮਾਲਵੀਆ ਨੇ ਪ੍ਰਿਯਾਂਕ ਖੜਗੇ ‘ਤੇ ਤਨਜ਼ ਕਸਦਿਆਂ ਇਕ ਟਵੀਟ ਵਿੱਚ ਕਿਹਾ, ”ਪ੍ਰਧਾਨ ਮੰਤਰੀ ਨਾਲ ਕਿਸੇ ਗੱਲੋਂ ਸਹਿਮਤ ਨਹੀਂ ਤਾਂ ਠੀਕ ਹੈ, ਉਨ੍ਹਾਂ ਦੀ ਨੁਕਤਾਚੀਨੀ ਕੀਤੀ ਜਾਵੇ…ਪਰ ਉਨ੍ਹਾਂ ਨੂੰ ਨਾਵਾਂ ਨਾਲ ਪੁਕਾਰਨਾ ਭ੍ਰਿਸ਼ਟ ਮਾਨਸਿਕਤਾ ਦਰਸਾਉਂਦਾ ਹੈ।” -ਪੀਟੀਆਈ



Source link