ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 6 ਮਈ
ਪਿੰਡ ਭੁੱਲਰ ਤੇ ਥਾਂਦੇਵਾਲਾ ਵਿਚਕਾਰ ਰਾਜਸਥਾਨ ਫੀਡਰ ‘ਚੋਂ ਤਰਪਾਲ ਕੱਢਣ ਮੌਕੇ ਦੋ ਨੌਜਵਾਨਾਂ ਦੀ ਡੁੱਬ ਕੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬੱਬੂ (14) ਅਤੇ ਗੋਪੀ (20) ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਮ ਤੌਰ ‘ਤੇ ਨਹਿਰ ‘ਚੋਂ ਕਬਾੜ ਦਾ ਸਾਮਾਨ ਇਕੱਠਾ ਕਰਦੇ ਸਨ, ਪਰ ਜਿੱਥੇ ਤਰਪਾਲ ਪਈ ਸੀ, ਉਥੇ ਆਰਜ਼ੀ ਬੰਨ੍ਹ ਬਣਾਉਣ ਵੇਲੇ ਮਿੱਟੀ ਇਕੱਠੀ ਹੋ ਗਈ ਸੀ। ਅੱਜ ਜਦੋਂ ਇੱਕ ਨੌਜਵਾਨ ਤਰਪਾਲ ਕੱਢਣ ਲਈ ਨਹਿਰ ਵਿੱਚ ਉਤਰਿਆ ਤਾਂ ਉਹ ਗਾਰ ਵਿੱਚ ਫਸ ਗਿਆ। ਉਸ ਨੂੰ ਬਚਾਉਣ ਗਿਆ ਦੂਸਰਾ ਨੌਜਵਾਨ ਵੀ ਉਥੇ ਫਸ ਗਿਆ, ਜਿਸ ਕਾਰਨ ਦੋਵਾਂ ਦੀ ਡੁੱਬ ਕੇ ਮੌਤ ਹੋ ਗਈ। ਪੁਲੀਸ ਨੇ ਦੋਵੇਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ ਹੈ।