ਰੂਪਨਗਰ: ਸਜ਼ਾ ਪੂਰੀ ਹੋਣ ਤੋਂ ਬਾਅਦ ਸਾਊਦੀ ਅਰਬ ਦੀ ਜੇਲ੍ਹ ’ਚ ਨਾਜਾਇਜ਼ ਕੈਦ ਕੱਟਣ ਵਾਲਾ ਨੌਜਵਾਨ ਰਿਹਾਅ, ਐੱਸਡੀਐੱਮ ਤੇ ਓਬਰਾਏ ਨੇ ਨਿਭਾਈ ਅਹਿਮ ਭੂਮਿਕਾ

ਰੂਪਨਗਰ: ਸਜ਼ਾ ਪੂਰੀ ਹੋਣ ਤੋਂ ਬਾਅਦ ਸਾਊਦੀ ਅਰਬ ਦੀ ਜੇਲ੍ਹ ’ਚ ਨਾਜਾਇਜ਼ ਕੈਦ ਕੱਟਣ ਵਾਲਾ ਨੌਜਵਾਨ ਰਿਹਾਅ, ਐੱਸਡੀਐੱਮ ਤੇ ਓਬਰਾਏ ਨੇ ਨਿਭਾਈ ਅਹਿਮ ਭੂਮਿਕਾ


ਜਗਮੋਹਨ ਸਿੰਘ

ਰੂਪਨਗਰ/ਘਨੌਲੀ, 9 ਮਈ

ਆਪਣੀ ਸਜ਼ਾ ਪੂਰੀ ਹੋਣ ਤੋਂ ਬਾਅਦ ਸਾਊਦੀ ਅਰਬ ਦੀ ਜੇਲ੍ਹ ਵਿੱਚ ਨਾਜਾਇਜ਼ ਕੈਦ ਕੱਟ ਰਹੇ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਦੇ ਸੇਵਾਦਾਰ ਜਰਨੈਲ ਸਿੰਘ ਦਾ ਲੜਕਾ ਹਰਪ੍ਰੀਤ ਸਿੰਘ ਰਿਹਾਅ ਹੋ ਗਿਆ। ਹਰਪ੍ਰੀਤ ਸਿੰਘ ਦੀ ਘਰ ਵਾਪਸੀ ਲਈ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਵੱਲੋਂ ਵੱਡੀ ਭੂਮਿਕਾ ਨਿਭਾਈ ਗਈ ਹੈ। ਸ੍ਰੀ ਜਰਨੈਲ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਹਰਪ੍ਰੀਤ ਸਿੰਘ 24 ਦਸੰਬਰ 2020 ਨੂੰ ਰੋਜ਼ੀ ਰੋਟੀ ਕਮਾਉਣ ਲਈ ਸਾਊਦੀ ਅਰਬ ਗਿਆ ਸੀ ਤੇ ਉੱਥੇ ਉਹ ਕੰਪਨੀ ਦੀ ਜਿਹੜੀ ਗੱਡੀ ਚਲਾਉਂਦਾ ਸੀ, ਉਹ ਚੋਰੀ ਹੋ ਗਈ। ਸਾਊਦੀ ਅਰਬ ਪੁਲੀਸ ਨੇ ਉਸ ਨੂੰ 11 ਅਗਸਤ 2021 ਨੂੰ ਜੇਲ੍ਹ ਭੇਜ ਦਿੱਤਾ ਤੇ ਕਾਜ਼ੀ ਨੇ ਉਸ ਨੂੰ ਇੱਕ ਸਾਲ ਕੈਦ ਦੀ ਸਜ਼ਾ ਸੁਣਾ ਦਿੱਤੀ ਪਰ ਉਹ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹ ਤੋਂ ਰਿਹਾਅ ਨਾ ਹੋ ਸਕਿਆ। ਮਾਰਚ ਮਹੀਨੇ ਅਚਾਨਕ ਐੱਸਡੀਐੱਮ ਰੂਪਨਗਰ ਹਰਬੰਸ ਸਿੰਘ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਮੱਥਾ ਟੇਕਣ ਲਈ ਆ ਗਏ ਤੇ ਜਦੋਂ ਉਨ੍ਹਾਂ ਐੱਸਡੀਐੱਮ ਨੂੰ ਆਪਣੀ ਵਿੱਥਿਆ ਸੁਣਾਈ ਤਾਂ ਉਨ੍ਹਾਂ ਨਿੱਜੀ ਤੌਰ ‘ਤੇ ਪੈਰਵੀ ਕਰਦਿਆਂ ਹੋਇਆਂ ਡਿਪਟੀ ਕਮਿਸ਼ਨਰ ਰੂਪਨਗਰ ਅਤੇ ਸਿਰਮੌਰ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐੱਸਪੀ ਉਬਰਾਏ ਨਾਲ ਤਾਲਮੇਲ ਕਰਦੇ ਹੋਏ ਹਰਪ੍ਰੀਤ ਸਿੰਘ ਨੂੰ ਰਿਹਾਅ ਕਰਵਾਇਆ। ਡਾ.ਐੱਸਪੀ ਉਬਰਾਏ ਨੇ ਦੱਸਿਆ ਕਿ ਸ੍ਰੀ ਹਰਬੰਸ ਸਿੰਘ ਨੇ ਉਨ੍ਹਾਂ ਦੇ ਕਿਸੀ ਦੋਸਤ ਦੇ ਜ਼ਰੀਏ ਉਨ੍ਹਾਂ ਨਾਲ ਤਾਲਮੇਲ ਕਰਕੇ ਦੱਸਿਆ ਕਿ ਗਰੀਬ ਪਰਿਵਾਰ ਦਾ ਬੱਚਾ ਮਾਮੂਲੀ ਗਲਤੀ ਕਾਰਨ ਸਾਊਦੀ ਅਰਬ ਦੀ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਕਾਜ਼ੀ ਵੱਲੋਂ ਦਿੱਤੀ ਗਈ ਸਜ਼ਾ ਨਾਲੋਂ ਵੀ ਕਰੀਬ ਦੁੱਗਣੀ ਸਜ਼ਾ ਭੁਗਤ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਐੱਸਡੀਐੱਮ ਰੂਪਨਗਰ ਵੱਲੋਂ ਮੁਹੱਈਆਂ ਕਰਵਾਈ ਗਈ ਜਾਣਕਾਰੀ ਦੇ ਆਧਾਰ ‘ਤੇ ਉਨ੍ਹਾਂ ਦੀ ਸੰਸਥਾ ਨੇ ਤੁਰੰਤ ਕਾਰਵਾਈ ਸ਼ੁਰੂ ਕਰਦਿਆਂ ਨੌਜਵਾਨ ਨੂੰ ਜੇਲ੍ਹ ਤੋਂ ਰਿਹਾਅ ਕਰਵਾਇਆ।

ਐੱਸਡੀਐੱਮ ਹਰਬੰਸ ਸਿੰਘ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ।

ਸ੍ਰੀ ਹਰਬੰਸ ਸਿੰਘ ਨੇ ਰੱਬ ਦੀ ਮਿਹਰ ਸਦਕਾ ਨੌਜਵਾਨ ਦਾ ਆਪਣੇ ਪਰਿਵਾਰ ਨਾਲ ਮੁੜ ਮਿਲਾਪ ਹੋਇਆ ਹੈ। ਉਨ੍ਹਾਂ ਇਸ ਸਬੰਧੀ ਸਹਿਯੋਗ ਕਰਨ ਲਈ ਡਾ. ਐੱਸਪੀ ਸਿੰਘ ਉਬਰਾਏ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਡਾ. ਪ੍ਰੀਤੀ ਯਾਦਵ ਦਾ ਵਿਸ਼ੇਸ਼ ਧੰਨਵਾਦ ਕੀਤਾ।



Source link