ਚੰਡੀਗੜ੍ਹ, 13 ਮਈ
ਰੱਖਿਆ ਸੇਵਾਵਾਂ ਵਿੱਚ ਜਾਣ ਦੀਆਂ ਚਾਹਵਾਨ ਪੰਜਾਬ ਦੀਆਂ ਲੜਕੀਆਂ ਦੇ ਸੁਫ਼ਨੇ ਨੂੰ ਸਾਕਾਰ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਸ ਵਿਦਿਅਕ ਸੈਸ਼ਨ ਤੋਂ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਲੜਕੀਆਂ) ਮੁਹਾਲੀ ਵਿਖੇ ਨੈਸ਼ਨਲ ਡਿਫੈਂਸ ਅਕੈਡਮੀ (ਐੱਨਡੀਏ) ਪ੍ਰੈਪਰੇਟਰੀ ਵਿੰਗ ਸ਼ੁਰੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲਕਦਮੀ ਸੂਬੇ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਵਿੱਚ ਅਹਿਮ ਸਾਬਤ ਹੋਵੇਗੀ ਕਿਉਂਕਿ ਇਸ ਨਾਲ ਸੂਬੇ ਦੀਆਂ ਹਜ਼ਾਰਾਂ ਲੜਕੀਆਂ ਨੂੰ ਰੱਖਿਆ ਸੇਵਾਵਾਂ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸੇਵਾਵਾਂ ਨਿਭਾਉਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ 4 ਜੂਨ 2023 ਨੂੰ ਹੋਣ ਵਾਲੀ ਦਾਖ਼ਲਾ ਪ੍ਰੀਖਿਆ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ ਅਤੇ ਰਜਿਸਟ੍ਰੇਸ਼ਨ ਦੀ ਆਖ਼ਰੀ ਮਿਤੀ 28 ਮਈ 2023 ਹੈ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਵਿੱਚ ਪਹਿਲਾਂ ਹੀ ਦੇਸ਼ ਦੀ ਸੇਵਾ ਲਈ ਐੱਨਡੀਏ ਵਿੱਚ ਭਰਤੀ ਹੋਣ ਦੇ ਚਾਹਵਾਨ ਪੰਜਾਬ ਦੇ ਲੜਕਿਆਂ ਲਈ ਸਿਖਲਾਈ ਕੋਰਸ ਚਲਾਇਆ ਜਾ ਰਿਹਾ ਹੈ। ਮਾਈ ਭਾਗੋ ਏਐੱਫਪੀਆਈ ਨੇ ਰੱਖਿਆ ਸੇਵਾਵਾਂ ਵਿੱਚ ਜਾਣ ਦੀਆਂ ਚਾਹਵਾਨ ਲੜਕੀਆਂ ਲਈ ਵਿਸ਼ੇਸ਼ ਤੌਰ ‘ਤੇ ਐੱਨਡੀਏ ਸਿਖਲਾਈ ਕੋਰਸ ਦੀ ਪੇਸ਼ਕਸ਼ ਕਰਕੇ ਆਪਣੀ ਕਿਸਮ ਦੀ ਇਹ ਪਲੇਠੀ ਪਹਿਲਕਦਮੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਦੋ ਸਾਲ ਪਹਿਲਾਂ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਭਰਤੀ ਹੋਣ ਲਈ ਮਹਿਲਾਵਾਂ ਵਾਸਤੇ ਰਾਹ ਪੱਧਰਾ ਕਰ ਦਿੱਤਾ ਸੀ ਅਤੇ ਇਸ ਸਮੇਂ ਐੱਨਡੀਏ ਵਿੱਚ ਸਿਖਲਾਈ ਅਧੀਨ 19 ਲੜਕੀਆਂ ਦੇ ਪਹਿਲੇ ਬੈਚ ਵਿੱਚ ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੀ ਲੇਡੀ ਕੈਡਿਟ ਦਿਲਪ੍ਰੀਤ ਕੌਰ ਵੀ ਸ਼ਾਮਲ ਹੈ। ਦਿਲਪ੍ਰੀਤ ਨੇ ਦੇਸ਼ ਭਰ ‘ਚੋਂ ਲੜਕੇ ਅਤੇ ਲੜਕੀਆਂ ਦੀ ਸਾਂਝੀ ਮੈਰਿਟ ਵਿੱਚ 27ਵਾਂ ਰੈਂਕ ਹਾਸਲ ਕੀਤਾ ਸੀ। ਉਹ ਲੜਕੀਆਂ ਦੀ ਸਮੁੱਚੀ ਦਰਜਾਬੰਦੀ ਵਿੱਚ ਸਿਖਰਲੇ ਤਿੰਨਾਂ ਵਿੱਚ ਸ਼ੁਮਾਰ ਸੀ ਅਤੇ ਉਸ ਨੇ ਪੰਜਾਬ ਵਿੱਚੋਂ ਪਹਿਲਾ ਰੈਂਕ ਹਾਸਲ ਕੀਤਾ ਸੀ।
ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਲੜਕੀਆਂ) ਦੇ ਡਾਇਰੈਕਟਰ ਮੇਜਰ ਜਨਰਲ ਜੇ.ਐਸ. ਸੰਧੂ (ਸੇਵਾ-ਮੁਕਤ) ਨੇ ਦੱਸਿਆ ਕਿ ਇਸ ਸਾਲ ਪਹਿਲੇ ਬੈਚ ਲਈ 10 ਲੜਕੀਆਂ ਦੀ ਚੋਣ ਕੀਤੀ ਜਾਵੇਗੀ ਅਤੇ ਐਨ.ਡੀ.ਏ. ਦੇ ਸਿਖਲਾਈ ਕੋਰਸ ਲਈ ਅਪਲਾਈ ਕਰਨ ਵਾਸਤੇ ਇਨ੍ਹਾਂ ਲੜਕੀਆਂ ਨੇ ਸਾਲ 2023 ਵਿੱਚ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਵੇ ਅਤੇ ਉਨ੍ਹਾਂ ਕੋਲ ਪੰਜਾਬ ਦੀ ਨਿਵਾਸੀ ਹੋਣ ਦਾ ਸਬੂਤ ਹੋਵੇ। ਇੰਸਟੀਚਿਊਟ ਵਿੱਚ ਚੁਣੀਆਂ ਜਾਣ ਵਾਲੀਆਂ ਲੜਕੀਆਂ ਦੀ ਸਿਖਲਾਈ ਸਮੇਤ ਰਹਿਣ-ਸਹਿਣ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।