ਲਾਹੌਰ, 13 ਮਈ
ਇਸਲਾਮਾਬਾਦ ਵਿੱਚ ਅਧਿਕਾਰੀਆਂ ਨਾਲ ਲੰਬਾ ਸਮਾਂ ਚੱਲੇ ਰੇੜਕੇ ਮਗਰੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਤੜਕੇ ਆਪਣੀ ਰਿਹਾਇਸ਼ ‘ਤੇ ਪੁੱਜੇ। ਕਈ ਮਾਮਲਿਆਂ ਵਿੱਚ ਜ਼ਮਾਨਤ ਮਿਲਣ ਦੇ ਬਾਵਜੂਦ ਉਨ੍ਹਾਂ ਨੂੰ ਕਈ ਘੰਟੇ ਅਦਾਲਤੀ ਕੰਪਲੈਕਸ ਵਿੱਚ ਹੀ ਰੁਕਣਾ ਪਿਆ। ਗੌਰਤਲਬ ਹੈ ਕਿ ਇਸਲਾਮਾਬਾਦ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਭ੍ਰਿਸ਼ਟਾਚਾਰ ਨਾਲ ਸਬੰਧਿਤ ਕੇਸ ਵਿੱਚ ਉਨ੍ਹਾਂ ਨੂੰ ਦੋ ਹਫ਼ਤਿਆਂ ਦੀ ਸੁਰੱਖਿਅਤ ਜ਼ਮਾਨਤ ਦਿੱਤੀ ਸੀ ਅਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਿਸੇ ਵੀ ਕੇਸ ਵਿੱਚ ਗ੍ਰਿਫ਼ਤਾਰ ਕਰਨ ‘ਤੇ ਸੋਮਵਾਰ ਤੱਕ ਰੋਕ ਲਾ ਦਿੱਤੀ ਸੀ।
ਇਸਲਾਮਾਬਾਦ ਹਾਈ ਕੋਰਟ ਦੇ ਤਿੰਨ ਵੱਖ ਵੱਖ ਬੈਂਚਾਂ ਨੇ ਪਾਕਿਸਤਾਨ ਤਹਿਰੀਕ-ਏ- ਇਨਸਾਫ (ਪੀਟੀਆਈ) ਦੇ 70 ਸਾਲਾਂ ਮੁਖੀ ਨੂੰ ਰਾਹਤ ਦਿੱਤੀ ਜਿਨ੍ਹਾਂ ਨੂੰ ਸਖ਼ਤ ਸੁਰੱਖਿਆ ਦਰਮਿਆਨ ਅਦਾਲਤ ਲਿਜਾਇਆ ਗਿਆ ਸੀ। ਦੇਸ਼ਧ੍ਰੋਹ ਤੇ ਹਿੰਸਾ ਨਾਲ ਸਬੰਧਿਤ ਕਈ ਮਾਮਲਿਆਂ ਅਤੇ ਅਲ ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿੱਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਇਸ ਮਗਰੋਂ ਲਾਹੌਰ ਰਵਾਨਾ ਹੋਣ ਤੋਂ ਪਹਿਲਾਂ ਇਸਲਾਮਾਬਾਦ ਪੁਲੀਸ ਨੇ ਕਥਿਤ ਤੌਰ ‘ਤੇ ਖਾਨ ਨੂੰ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਵਿੱਚ ਰੋਕੀ ਰੱਖਿਆ। ਅਧਿਕਾਰੀਆਂ ਨਾਲ ਲੰਬਾ ਸਮਾਂ ਚੱਲੇ ਰੇੜਕੇ ਤੋਂ ਬਾਅਦ ਉਹ ਅਦਾਲਤੀ ਕੰਪਲੈਕਸ ਤੋਂ ਬਾਹਰ ਆਏ। ਖਾਨ ਦੇ ਇੱਥੇ ਜਮਾਨ ਪਾਰਕ ਵਿਚਲੀ ਰਿਹਾਇਸ਼ ‘ਤੇ ਪੁੱਜਣ ‘ਤੇ ਵੱਡੀ ਗਿਣਤੀ ਵਿੱਚ ਹਮਾਇਤੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨੌਂ ਮਈ ਹੋਈ ਆਪਣੀ ਗ੍ਰਿਫ਼ਤਾਰੀ ਲਈ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਇੱਥੋਂ ਦੀ ਇੱਕ ਅਦਾਲਤ ‘ਚੋਂ ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਦੇਸ਼ ਭਰ ‘ਚ ਹੋਈ ਹਿੰਸਾ ਤੋਂ ਖੁਦ ਨੂੰ ਦੂਰ ਕਰ ਲਿਆ ਹੈ।
ਮੀਡੀਆ ‘ਚ ਛਪੀਆਂ ਖ਼ਬਰਾਂ ਅਨੁਸਾਰ ਇਮਰਾਨ ਖਾਨ ਨੇ ਬੀਤੇ ਦਿਨ ਇਸਲਾਮਾਬਾਦ ਹਾਈ ਕੋਰਟ ਦੇ ਕੰਪਲੈਕਸ ‘ਚ ਮੀਡੀਆ ਨਾਲ ਗ਼ੈਰ ਰਸਮੀ ਗੱਲਬਾਤ ਦੌਰਾਨ ਇਹ ਗੱਲਾਂ ਕਹੀਆਂ। ਇਮਰਾਨ ਨੇ ਕਿਹਾ, ‘ਇਸ ਪਿੱਛੇ ਸੁਰੱਖਿਆ ਏਜੰਸੀਆਂ ਨਹੀਂ ਹਨ ਬਲਕਿ ਇੱਕ ਆਦਮੀ ਹੈ। ਉਹ ਸੈਨਾ ਮੁਖੀ ਹੈ। ਸੈਨਾ ‘ਚ ਲੋਕਤੰਤਰ ਨਹੀਂ ਹੈ। ਜੋ ਕੁਝ ਹੋ ਰਿਹਾ ਹੈ, ਉਸ ਨਾਲ ਸੈਨਾ ਦਾ ਅਕਸ ਖਰਾਬ ਹੋ ਰਿਹਾ ਹੈ।’ ਉਨ੍ਹਾਂ ਕਿਹਾ ਕਿ ਉਹ ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਵਾਪਰੀਆਂ ਘਟਨਾਵਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ। -ਪੀਟੀਆਈ
ਪਾਕਿਸਤਾਨੀ ਸੈਨਾ ਵੱਲੋਂ ਦੇਸ਼ ਿਵੱਚ ਫੌਜੀ ਰਾਜ ਲਾਗੂ ਕਰਨ ਤੋਂ ਇਨਕਾਰ
ਇਸਲਾਮਾਬਾਦ: ਪਾਕਿਸਤਾਨੀ ਸੈਨਾ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਬਣੇ ਸਿਆਸੀ ਸੰਕਟ ਅਤੇ ਵਿਗੜਦੀ ਹੋਈ ਅਮਨ ਤੇ ਕਾਨੂੰਨ ਦੀ ਸਥਿਤੀ ਵਿਚਾਲੇ ਦੇਸ਼ ‘ਚ ਫੌਜੀ ਰਾਜ ਲਾਗੂ ਕਰਨ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਸਮੇਤ ਸਾਰੀ ਫੌਜੀ ਲੀਡਰਸ਼ਿਪ ਲੋਕਤੰਤਰ ‘ਚ ਯਕੀਨ ਰੱਖਦੀ ਹੈ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈਐੱਸਪੀਆਰ) ਦੇ ਡਾਇਰੈਕਟਰ ਮੇਜਰਲ ਜਨਰਲ ਅਹਿਮਦ ਸ਼ਰੀਫ ਚੌਧਰੀ ਦੀ ਇਹ ਟਿੱਪਣੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਮਗਰੋਂ ਤਕਰੀਬਨ ਚਾਰ ਦਿਨ ਹੁੰਦੀ ਰਹੀ ਸਿਆਸੀ ਉਥਲ-ਪੁਥਲ ਮਗਰੋਂ ਆਈ ਹੈ। ਇਸ ਦੌਰਾਨ ਰਾਵਲਪਿੰਡੀ ‘ਚ ਜਨਰਲ ਹੈੱਡਕੁਆਰਟਰ ਸਮੇਤ ਫੌਜੀ ਸੰਸਥਾਵਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ। ਚੌਧੀਰੀ ਨੇ ਕਿਹਾ, ‘ਫੇਸ਼ ‘ਚ ਫੌਜੀ ਰਾਜ ਲਾਗੂ ਕਰਨ ਦਾ ਕੋਈ ਸਵਾਲ ਹੀ ਨਹੀਂ ਹੈ।’ ਉਨ੍ਹਾਂ ਕਿਹਾ ਕਿ ਸੈਨਾ ਮੁਖੀ ਜਨਰਲ ਆਸਿਮ ਮੁਨੀਰ ਤੇ ਪੂਰੀ ਫੌਜੀ ਲੀਡਰਸ਼ਿਪ ਲੋਕੰਤਤਰ ‘ਚ ਯਕੀਨ ਰੱਖਦੀ ਹੈ। ਉਨ੍ਹਾਂ ਕਿਹਾ ਕਿ ਸੈਨਾ ਦੀ ਏਕਤਾ ਅਟੁੱਟ ਹੈ ਅਤੇ ਇਹ ਦੇਸ਼ ਦੀ ਸਥਿਰਤਾ ਤੇ ਸੁਰੱਖਿਆ ਲਈ ਕੰਮ ਕਰਦੀ ਰਹੇਗੀ। -ਪੀਟੀਆਈ