ਕਰਨਾਟਕ ਦੇ ਮੁੱਖ ਮੰਤਰੀ ਬਾਰੇ ਫੈਸਲਾ ਮੁੜ ਟਲਿਆ

ਕਰਨਾਟਕ ਦੇ ਮੁੱਖ ਮੰਤਰੀ ਬਾਰੇ ਫੈਸਲਾ ਮੁੜ ਟਲਿਆ


ਨਵੀਂ ਦਿੱਲੀ, 17 ਮਈ

ਮੁੱਖ ਅੰਸ਼

  • ਕਾਂਗਰਸ ਮੁਤਾਬਕ ਨਵੇਂ ਮੁੱਖ ਮੰਤਰੀ ਦਾ ਐਲਾਨ ਇਕ-ਦੋ ਦਿਨਾਂ ‘ਚ ਹੋਵੇਗਾ
  • ਸਿੱਧਾਰਮਈਆ ਅਤੇ ਸ਼ਿਵਕੁਮਾਰ ਨੇ ਖੜਗੇ ਅਤੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਕਰਨਾਟਕ ‘ਚ ਅਗਲਾ ਮੁੱਖ ਮੰਤਰੀ ਚੁਣਨ ਲਈ ਕਾਂਗਰਸ ਵਿੱਚ ਬੁੱਧਵਾਰ ਨੂੰ ਵੀ ਵਿਚਾਰ ਵਟਾਂਦਰਾ ਜਾਰੀ ਰਿਹਾ। ਸਿੱਧਾਰਮਈਆ ਅਤੇ ਡੀ ਕੇ ਸ਼ਿਵਕੁਮਾਰ ਨੇ ਪਾਰਟੀ ਦੇ ਸਿਖਰਲੇ ਆਗੂਆਂ ਨਾਲ ਮੁਲਾਕਾਤ ਕਰਕੇ ਆਪਣਾ-ਆਪਣਾ ਪੱਖ ਰੱਖਿਆ ਪਰ ਅਜੇ ਵੀ ਪਾਰਟੀ ਕਿਸੇ ਇਕ ਨਾਮ ‘ਤੇ ਮੋਹਰ ਲਾਉਣ ‘ਚ ਨਾਕਾਮ ਰਹੀ ਹੈ। ਉਂਜ ਕਾਂਗਰਸ ਨੇ ਕਿਹਾ ਹੈ ਕਿ ਇਕ ਜਾਂ ਦੋ ਦਿਨਾਂ ਦੇ ਅੰਦਰ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਦਾ ਐਲਾਨ ਕਰ ਦਿੱਤਾ ਜਾਵੇਗਾ। ਵਿਚਾਰ ਵਟਾਂਦਰੇ ਦੇ ਕਈ ਗੇੜਾਂ ਮਗਰੋਂ ਕਾਂਗਰਸ ਦੇ ਜਨਰਲ ਸਕੱਤਰ ਅਤੇ ਕਰਨਾਟਕ ਮਾਮਲਿਆਂ ਦੇ ਇੰਚਾਰਜ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਨਵੀਂ ਕੈਬਨਿਟ ਬਾਰੇ ਫ਼ੈਸਲਾ ਅਗਲੇ 48 ਤੋਂ 72 ਘੰਟਿਆਂ ‘ਚ ਲੈ ਲਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਰਨਾਟਕ ‘ਚ ਕਾਂਗਰਸ ਦੀ ਪੰਜ ਸਾਲ ਲਈ ਸਥਿਰ ਸਰਕਾਰ ਹੋਵੇਗੀ। ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਅਫ਼ਵਾਹਾਂ ਅਤੇ ‘ਫਰਜ਼ੀ ਖ਼ਬਰਾਂ’ ‘ਤੇ ਯਕੀਨ ਨਾ ਕਰਨ ਜੋ ਕਥਿਤ ਤੌਰ ‘ਤੇ ਭਾਜਪਾ ਵੱਲੋਂ ਫੈਲਾਈਆਂ ਜਾ ਰਹੀਆਂ ਹਨ। ਬਾਅਦ ‘ਚ ਬਾਕੀ ਸਫਾ 5 raquo;

ਇਕ ਟਵੀਟ ‘ਚ ਸੁਰਜੇਵਾਲਾ ਨੇ ਕਿਹਾ ਕਿ ਸਾਰੇ ਕਾਂਗਰਸ ਆਗੂਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਲੀਡਰਸ਼ਿਪ ਦੇ ਮਾਮਲੇ ਬਾਰੇ ਕੋਈ ਬਿਆਨ ਜਾਰੀ ਨਾ ਕਰਨ। ‘ਹੁਣ ਜੇਕਰ ਅਜਿਹਾ ਕੋਈ ਬਿਆਨ ਆਇਆ ਤਾਂ ਉਸ ਨੂੰ ਅਨੁਸ਼ਾਸਨਹੀਣਤਾ ਮੰਨਿਆ ਜਾਵੇਗਾ ਅਤੇ ਕਾਰਵਾਈ ਕੀਤੀ ਜਾਵੇਗੀ।’ ਸਿੱਧਾਰਮਈਆ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ਿਵਕੁਮਾਰ ਨੇ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਆਪਣੇ-ਆਪਣੇ ਦਾਅਵੇ ਪੇਸ਼ ਕੀਤੇ। ਮੁੱਖ ਮੰਤਰੀ ਅਹੁਦੇ ਦੀ ਦੌੜ ‘ਚ ਸਿੱਧਾਰਮਈਆ ਸੱਭ ਤੋਂ ਅੱਗੇ ਹਨ ਜਦਕਿ ਸ਼ਿਵਕੁਮਾਰ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਪ੍ਰਧਾਨਗੀ ਹੇਠ ਕਾਂਗਰਸ ਨੇ ਵਿਧਾਨ ਸਭਾ ਚੋਣਾਂ ਜਿੱਤੀਆਂ ਹਨ ਅਤੇ ਉਸ ਨੇ ਜਿੱਤ ਯਕੀਨੀ ਬਣਾਉਣ ਲਈ ਸਖ਼ਤ ਮਿਹਨਤ ਕੀਤੀ ਸੀ। ਕਾਂਗਰਸ ਦੇ ਸਿਖਰਲੇ ਆਗੂਆਂ ਦੇ ਇਕ ਧੜੇ ਮੁਤਾਬਕ ਸਿੱਧਾਰਮਈਆ ਗਰੀਬਾਂ, ਓਬੀਸੀਜ਼ ਅਤੇ ਘੱਟ ਗਿਣਤੀਆਂ ਸਮੇਤ ਕਈ ਵਰਗਾਂ ‘ਚ ਮਕਬੂਲ ਹਨ ਅਤੇ ਉਹ ਪਾਰਟੀ ਨੂੰ ਲੋਕ ਸਭਾ ਚੋਣਾਂ ‘ਚ ਵੋਟਾਂ ਦਿਵਾ ਸਕਦੇ ਹਨ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਰਿਹਾਇਸ਼ ਦੇ ਬਾਹਰ ਮੀਡੀਆ ਨੂੰ ਸੰਬੋਧਨ ਕਰਦਿਆ ਸੁਰਜੇਵਾਲਾ ਨੇ ਕਿਹਾ ਕਿ ਪਾਰਟੀ ਮੁਖੀ ਨੂੰ ਵਿਧਾਇਕ ਦਲ ਦਾ ਆਗੂ ਨਿਯੁਕਤ ਕਰਨ ਦੇ ਅਧਿਕਾਰ ਸੌਂਪੇ ਗਏ ਹਨ ਜਿਸ ਕਰਕੇ ਵਿਚਾਰ ਵਟਾਂਦਰੇ ਦਾ ਦੌਰ ਚੱਲ ਰਿਹਾ ਹੈ। ‘ਮੁੱਖ ਮੰਤਰੀ ਦੇ ਨਾਮ ਦਾ ਫ਼ੈਸਲਾ ਅੱਜ ਜਾਂ ਭਲਕੇ ਤੈਅ ਕਰ ਲਿਆ ਜਾਵੇਗਾ। ਅਗਲੇ 48 ਤੋਂ 72 ਘੰਟਿਆਂ ਦੇ ਅੰਦਰ ਕਰਨਾਟਕ ‘ਚ ਨਵੀਂ ਕੈਬਨਿਟ ਮਿਲ ਜਾਵੇਗੀ ਅਤੇ ਪਹਿਲੀ ਕੈਬਨਿਟ ਮੀਟਿੰਗ ‘ਚ ਹੀ ਕਾਂਗਰਸ ਦੀਆਂ ਪੰਜ ਗਾਰੰਟੀਆਂ ਨੂੰ ਲਾਗੂ ਕਰਨ ਲਈ ਕੰਮ ਸ਼ੁਰੂ ਹੋ ਜਾਵੇਗਾ।’ ਸੂਬੇ ਦੀ ਸ਼ਾਂਤੀ, ਤਰੱਕੀ ਅਤੇ ਸਦਭਾਵਨਾ ਲਈ ਕਾਂਗਰਸ ਦੀ ਵਚਨਬੱਧਤਾ ਦਾ ਦਾਅਵਾ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਤਿੰਨ ਸਿਧਾਂਤਾਂ ਸਰਬਸੰਮਤੀ, ਸਹਿਮਤੀ ਅਤੇ ਏਕਤਾ ‘ਚ ਯਕੀਨ ਕਰਦੇ ਹਨ। ‘ਮਲਿਕਾਰਜੁਨ ਖੜਗੇ ਢੁੱਕਵੇਂ ਵਿਚਾਰ ਵਟਾਂਦਰੇ ਮਗਰੋਂ ਵਿਧਾਇਕ ਦਲ ਦੇ ਆਗੂ ਦਾ ਨਾਮ ਐਲਾਨਣਗੇ।’ ਸੁਰਜੇਵਾਲਾ ਨੇ ਕਿਹਾ ਕਿ ਨਿਊਜ਼ ਚੈਨਲਾਂ ‘ਤੇ ਕਈ ਤਰ੍ਹਾਂ ਦੀਆਂ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਅਤੇ ਮੀਡੀਆ ਇਨ੍ਹਾਂ ‘ਤੇ ਯਕੀਨ ਨਾ ਕਰੇ ਕਿਉਂਕਿ ਜਦੋਂ ਵੀ ਕਾਂਗਰਸ ਪ੍ਰਧਾਨ ਕੋਈ ਫ਼ੈਸਲਾ ਲੈਣਗੇ, ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਿਆ ਜਾਵੇਗਾ। ਸੋਮਵਾਰ ਅਤੇ ਮੰਗਲਵਾਰ ਨੂੰ ਮੀਟਿੰਗਾਂ ਦੇ ਕਈ ਦੌਰ ਮਗਰੋਂ ਸਿੱਧਾਰਮਈਆ ਅਤੇ ਸ਼ਿਵਕੁਮਾਰ ਅੱਜ ਵੱਖੋ-ਵੱਖਰੇ ਤੌਰ ‘ਤੇ ਰਾਹੁਲ ਗਾਂਧੀ ਨੂੰ ਮਿਲੇ।

ਸਿੱਧਾਰਮਈਆ ਨੇ ਰਾਹੁਲ ਨਾਲ ਸਭ ਤੋਂ ਪਹਿਲਾਂ ਮੁਲਾਕਾਤ ਕੀਤੀ ਜੋ ਕਰੀਬ ਅੱਧੇ ਘੰਟੇ ਤੱਕ ਚੱਲੀ। ਸੂਤਰਾਂ ਨੇ ਕਿਹਾ ਕਿ ਸ਼ਿਵਕੁਮਾਰ ਨੇ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨਾਲ ਫੋਨ ‘ਤੇ ਗੱਲਬਾਤ ਕੀਤੀ ਜਿਨ੍ਹਾਂ ਉਸ ਨੂੰ ਖੜਗੇ ਨਾਲ ਮੁਲਾਕਾਤ ਲਈ ਕਿਹਾ। ਇਸ ਮਗਰੋਂ ਕਰਨਾਟਕ ਪ੍ਰਦੇਸ਼ ਪ੍ਰਧਾਨ ਨੇ ਖੜਗੇ ਨਾਲ ਦੁਬਾਰਾ ਮੁਲਾਕਾਤ ਕੀਤੀ ਅਤੇ ਲਗਾਤਾਰ ਦੂਜੇ ਦਿਨ ਕਰੀਬ ਅੱਧੇ ਘੰਟੇ ਤੱਕ ਗੱਲਬਾਤ ਕੀਤੀ। ਇਸ ਮੌਕੇ ਸੁਰਜੇਵਾਲਾ ਵੀ ਖੜਗੇ ਦੀ ਰਿਹਾਇਸ਼ ‘ਤੇ ਹਾਜ਼ਰ ਸਨ। ਕੇਂਦਰੀ ਨਿਗਰਾਨਾਂ ‘ਚੋਂ ਇਕ ਸੁਸ਼ੀਲ ਕਮਾਰ ਸ਼ਿੰਦੇ ਵੀ ਵੱਖਰੇ ਤੌਰ ‘ਤੇ ਕਾਂਗਰਸ ਪ੍ਰਧਾਨ ਨੂੰ ਮਿਲੇ। ਕਾਂਗਰਸ ਦੇ ਕੁਝ ਵਿਧਾਇਕਾਂ ਨੇ ਵੀ ਖੜਗੇ ਨਾਲ ਮੁਲਾਕਾਤ ਕਰਕੇ ਕਰਨਾਟਕ ਦੀ ਨਵੀਂ ਕੈਬਨਿਟ ‘ਚ ਮੰਤਰੀ ਅਹੁਦੇ ਦੀ ਮੰਗ ਕੀਤੀ। ਦੋਵੇਂ ਆਗੂਆਂ ਦੇ ਸਮਰਥਕਾਂ ਨੇ ਵੀ ਪੂਰਾ ਜ਼ੋਰ ਲਾਇਆ ਹੋਇਆ ਹੈ ਜਦਕਿ ਕਾਂਗਰਸ ਸਾਰੇ ਵਰਗਾਂ ਨੂੰ ਖੁਸ਼ ਕਰਨ ਲਈ ਸੱਤਾ ਦੀ ਵੰਡ ਦੇ ਫਾਰਮੂਲੇ ਬਾਰੇ ਵਿਚਾਰ ਕਰ ਰਹੀ ਹੈ। ਨਵੇਂ ਮੁੱਖ ਮੰਤਰੀ ਦੀ ਚੋਣ ਦੀਆਂ ਕੋਸ਼ਿਸ਼ਾਂ ਦਰਮਿਆਨ ਸਿੱਧਾਰਮਈਆ ਦੇ ਜੱਦੀ ਪਿੰਡ ਅਤੇ ਉਨ੍ਹਾਂ ਦੀ ਬੰਗਲੂਰੂ ਰਿਹਾਇਸ਼ ‘ਤੇ ਅੱਜ ਉਸ ਸਮੇਂ ਜਸ਼ਨ ਦਾ ਮਾਹੌਲ ਬਣ ਗਿਆ ਜਦੋਂ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਕਿ ਉਨ੍ਹਾਂ ਦੇ ਨਾਮ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਉਧਰ ਬੰਗਲੂਰੂ ਦੇ ਸ੍ਰੀ ਕੰਤੀਰਵਾ ਸਟੇਡੀਅਮ ‘ਚ ਹਲਫ਼ਦਾਰੀ ਸਮਾਗਮ ਲਈ ਚੱਲ ਰਹੀਆਂ ਤਿਆਰੀਆਂ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ। -ਪੀਟੀਆਈ

ਸ਼ਿਵਕੁਮਾਰ ਦੇ ਗ੍ਰਹਿ ਜ਼ਿਲ੍ਹੇ ‘ਚ ਸੁਰੱਖਿਆ ਵਧਾਈ

ਰਾਮਨਗਰ: ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ‘ਚੋਂ ਇਕ ਕਰਨਾਟਕ ਕਾਂਗਰਸ ਪ੍ਰਧਾਨ ਡੀ ਕੇ ਸ਼ਿਵਕੁਮਾਰ ਦੇ ਗ੍ਰਹਿ ਜ਼ਿਲ੍ਹੇ ਰਾਮਨਗਰ ‘ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਸ਼ਿਵਕੁਮਾਰ ਦੇ ਸਮਰਥਕਾਂ ਵੱਲੋਂ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਜਾਣ ਕਾਰਨ ਇਹਤਿਆਤ ਵਜੋਂ ਇਹ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਨੇ ਕਿਹਾ ਕਿ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਕਾਂਗਰਸ ਦਫ਼ਤਰ ਸਮੇਤ ਹੋਰ ਅਹਿਮ ਥਾਵਾਂ ‘ਤੇ ਪੁਲੀਸ ਤਾਇਨਾਤ ਕੀਤੀ ਗਈ ਹੈ। ਕਨਕਪੁਰਾ ‘ਚ ਪੁਲੀਸ ਵੱਡੀ ਨਫ਼ਰੀ ‘ਚ ਤਾਇਨਾਤ ਕੀਤੀ ਗਈ ਹੈ ਜਿਥੋਂ ਸ਼ਿਵਕੁਮਾਰ ਮੁੜ ਤੋਂ ਚੋਣ ਜਿੱਤੇ ਹਨ। -ਪੀਟੀਆਈ



Source link