ਲਾਹੌਰ: ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਮੁੱਖ ਸੁਰੱਖਿਆ ਅਧਿਕਾਰੀ ਇਫ਼ਤਿਖਾਰ ਘੁੰਮਣ ਨੇ ਇਥੇ ਜ਼ਮਾਨ ਪਾਰਕ ਸਥਿਤ ਰਿਹਾਇਸ਼ ‘ਤੇ ਅੱਜ ਪੰਜਾਬ ਪੁਲੀਸ ਵੱਲੋਂ ਲਈ ਗਈ ਤਲਾਸ਼ੀ ਦੌਰਾਨ ਸਿਰਫ਼ ਪਾਣੀ ਅਤੇ ਬਿਸਕੁਟ ਮਿਲਣ ਦਾ ਦਾਅਵਾ ਕੀਤਾ ਹੈ। ਇਮਰਾਨ ਦੀ ਰਿਹਾਇਸ਼ ‘ਤੇ ‘ਅਤਿਵਾਦੀ’ ਛੁਪੇ ਹੋਣ ਦਾ ਦਾਅਵਾ ਕਰਦਿਆਂ ਪੁਲੀਸ ਨੇ ਉਨ੍ਹਾਂ ਦਾ ਘਰ ਕਈ ਦਿਨਾਂ ਤੋਂ ਘੇਰਿਆ ਹੋਇਆ ਸੀ। ਪੰਜਾਬ ਪੁਲੀਸ ਨੇ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਅੱਜ ਵਾਰੰਟ ਹਾਸਲ ਕੀਤੇ ਸਨ। ਇਸ ਦੌਰਾਨ ਪੰਜਾਬ ਸਰਕਾਰ ਨੇ ਫੌਜੀ ਟਿਕਾਣਿਆਂ ਤੇ ਸਰਕਾਰੀ ਇਮਾਰਤਾਂ ਨੂੰ ਨਿਸ਼ਾਨਾ ਬਣਾਉਣ ਵਾਲੇ 2200 ਮਸ਼ਕੂਕਾਂ ਦੀ ਸੂਚੀ ਇਮਰਾਨ ਨੂੰ ਸੌਂਪ ਦਿੱਤੀ ਹੈ। ‘ਡਾਅਨ’ ਅਖ਼ਬਾਰ ਮੁਤਾਬਕ ਲਾਹੌਰ ਕਮਿਸ਼ਨਰ ਮੁਹੰਮਦ ਅਲੀ ਰੰਧਾਵਾ, ਡਿਪਟੀ ਕਮਿਸ਼ਨਰ ਰਾਫ਼ੀਆ ਹੈਦਰ, ਡੀਆਈਜੀ ਅਪਰੇਸ਼ਨਜ਼ ਸਾਦਿਕ ਡੋਗਰ ਅਤੇ ਐੱਸਐੱਸਪੀ ਅਪਰੇਸ਼ਨਜ਼ ਸ਼ੋਏਬ ‘ਤੇ ਆਧਾਰਿਤ ਵਫ਼ਦ ਨੇ ਇਮਰਾਨ ਨਾਲ ਮੁਲਾਕਾਤ ਕੀਤੀ। ਪੁਲੀਸ ਨੇ ਬਿਆਨ ‘ਚ ਕਿਹਾ ਸੀ ਕਿ ‘ਅਤਿਵਾਦੀਆਂ’ ਦੀ ਭਾਲ ‘ਚ ਰਿਹਾਇਸ਼ ਦੇ ਪ੍ਰਵੇਸ਼ ਅਤੇ ਬਾਹਰ ਨਿਕਲਣ ਵਾਲੇ ਰਸਤਿਆਂ ਦੀ ਮੁਕੰਮਲ ਜਾਂਚ ਕੀਤੀ ਜਾਵੇਗੀ। ਘੁੰਮਣ ਨੇ ਕਿਹਾ ਕਿ ਪੰਜਾਬ ਪੁਲੀਸ ਨੂੰ ਜ਼ਮਾਨ ਪਾਰਕ ਤੋਂ ਖਾਲੀ ਹੱਥ ਪਰਤਣਾ ਪਿਆ ਹੈ। ਪੁਲੀਸ ਨੇ ਦਾਅਵਾ ਕੀਤਾ ਕਿ ਛੇ ਹੋਰ ਕਥਿਤ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। -ਪੀਟੀਆਈ