ਭਾਰਤੀ ਮੂਲ ਦੇ ਲੜਕੇ ਨੇ ਵਾਈਟ ਹਾਊਸ ਦੇ ਬੈਰੀਅਰ ’ਚ ਮਾਰਿਆ ਟਰੱਕ

ਭਾਰਤੀ ਮੂਲ ਦੇ ਲੜਕੇ ਨੇ ਵਾਈਟ ਹਾਊਸ ਦੇ ਬੈਰੀਅਰ ’ਚ ਮਾਰਿਆ ਟਰੱਕ


ਵਾਸ਼ਿੰਗਟਨ, 24 ਮਈ

ਭਾਰਤੀ ਮੂਲ ਦੇ 19 ਸਾਲਾ ਲੜਕੇ ਨੇ ਕਿਰਾਏ ‘ਤੇ ਲਏ ਇਕ ਯੂ-ਹੌਲ ਟਰੱਕ ਨਾਲ ਇੱਥੇ ਸਥਿਤ ਵਾਈਟ ਹਾਊਸ ਦੇ ਬੈਰੀਅਰ ਵਿਚ ਜਾਣਬੁੱਝ ਕੇ ਟੱਕਰ ਮਾਰ ਦਿੱਤੀ। ਉਸ ਨੇ ਮਗਰੋਂ ਪੁਲੀਸ ਨੂੰ ਦੱਸਿਆ ਕਿ ਉਹ ਵਾਈਟ ਹਾਊਸ ਦੇ ਅੰਦਰ ਜਾ ਕੇ ‘ਸੱਤਾ ‘ਤੇ ਕਾਬਜ਼’ ਹੋਣਾ ਅਤੇ ਰਾਸ਼ਟਰਪਤੀ ਜੋਅ ਬਾਇਡਨ ਨੂੰ ‘ਮਾਰਨਾ’ ਚਾਹੁੰਦਾ ਹੈ। ਪੁਲੀਸ ਨੇ ਸਾਈ ਵਰਸ਼ਿਤ ਕੰਦੁਲਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵੇਰਵਿਆਂ ਮੁਤਾਬਕ ਉਸ ਨੇ ਸੋਮਵਾਰ ਰਾਤ ਦਸ ਵਜੇ ਦੇ ਕਰੀਬ ਸੁਰੱਖਿਆ ਬੈਰੀਅਰ ਵਿਚ ਟਰੱਕ ਲਿਆ ਕੇ ਮਾਰਿਆ। ਇਸ ਦੌਰਾਨ ਉੱਥੋਂ ਪੈਦਲ ਜਾ ਰਹੇ ਕਈਆਂ ਨੂੰ ਉਸ ਨੇ ਭੱਜਣ ਲਈ ਮਜਬੂਰ ਕਰ ਦਿੱਤਾ। ਹਾਲਾਂਕਿ ਘਟਨਾ ਸਥਾਨ ਵਾਈਟ ਹਾਊਸ ਦੇ ਗੇਟਾਂ ਤੋਂ ਕਾਫ਼ੀ ਦੂਰ ਹੈ। ਟੱਕਰ ਤੋਂ ਬਾਅਦ ਸੜਕਾਂ ਤੇ ਆਲੇ-ਦੁਆਲੇ ਨੂੰ ਬੰਦ ਕਰ ਦਿੱਤਾ ਗਿਆ। ਨੇੜੇ ਸਥਿਤ ਹੇਅ-ਐਡਮਜ਼ ਹੋਟਲ ਨੂੰ ਵੀ ਇਹਤਿਆਤ ਵਜੋਂ ਖਾਲੀ ਕਰਾਉਣਾ ਪਿਆ। ਸਾਈ ਕੰਦੁਲਾ ਮਿਸੂਰੀ ਸੂਬੇ ਦੇ ਚੈਸਟਰਫੀਲਡ ਦਾ ਰਹਿਣ ਵਾਲਾ ਹੈ। ਉਹ ਸੇਂਟ ਲੁਈਸ ਤੋਂ ਇਕ ਪਾਸੇ ਦੀ ਟਿਕਟ ਲੈ ਕੇ ਡਿਊਲਜ਼ ਹਵਾਈ ਅੱਡੇ ‘ਤੇ ਉਤਰਿਆ ਸੀ ਤੇ ਤੁਰੰਤ ਮਗਰੋਂ ਉਸ ਨੇ ਇਕ ਟਰੱਕ ਕਿਰਾਏ ਉਤੇ ਲੈ ਲਿਆ। ਇਸੇ ਟਰੱਕ ਨਾਲ ਉਸ ਨੇ ਵਾਈਟ ਹਾਊਸ ਦੇ ਉੱਤਰੀ ਪਾਸੇ ਮੈਟਲ ਬੈਰੀਅਰ ਵਿਚ ਟੱਕਰ ਮਾਰ ਦਿੱਤੀ। ਕੰਦੁਲਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਛੇ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ। ਐਫਬੀਆਈ ਦੇ ਏਜੰਟਾਂ ਨੇ ਇਸੇ ਦੌਰਾਨ ਚੈਸਟਰਫੀਲਡ ਸਥਿਤ ਕੰਦੁਲਾ ਦੇ ਘਰ ਦੀ ਤਲਾਸ਼ੀ ਵੀ ਲਈ ਹੈ। -ਪੀਟੀਆਈ



Source link