ਮਹਿੰਦਰ ਸਿੰਘ ਰੱਤੀਆਂ
ਮੋਗਾ, 29 ਮਈ
ਇਥੇ ਰੂਰਲ ਐੱਨਜੀਓ ਕਲੱਬਜ਼ ਐਸੋਸੀਏਸ਼ਨ ਦੀ ਅਗਵਾਈ ਹੇਠ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ, ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਵਿਖੇ 37 ਦਿਨ ਤੋਂ ਇਨਸਾਫ਼ ਦੀ ਜੰਗ ਲੜ ਰਹੀਆਂ ਦੇਸ਼ ਦੀਆਂ ਮਾਣਮੱਤੀਆਂ ਧੀਆਂ ਦੇ ਸਮਰਥਨ ਵਿੱਚ ਇਨਸਾਫ਼ ਮਾਰਚ ਕੱਢਿਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਬ੍ਰਿਜਭੂਸ਼ਨ ਸ਼ਰਨ ਸਿੰਘ ਦੀ ਤੁਰੰਤ ਗ੍ਰਿਫਤਾਰੀ ਬੇਟੀਆਂ ਨੂੰ ਇਨਸਾਫ ਦਿਓ ਦੇ ਨਾਅਰਿਆਂ ਨਾਲ ਅਕਾਸ਼ ਗੂੰਜ਼ ਉੱਠਿਆ। ਇਹ ਮਾਰਚ ਨੇਚਰ ਪਾਰਕ ਤੋਂ ਮੁੱਖ ਚੌਕ ਤੱਕ ਨਿਕਲਿਆ।
ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਪ੍ਰਧਾਨ ਅਤੇ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ, ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ, ਰੂਰਲ ਐੱਨਜੀਓ ਮੋਗਾ ਦੇ ਮੁੱਖ ਸਲਾਹਕਾਰ ਹਰਜਿੰਦਰ ਸਿੰਘ ਚੁਗਾਵਾਂ, ਸਿਟੀ ਯੂਨਿਟ ਦੇ ਪ੍ਰਧਾਨ ਸੁਖਦੇਵ ਸਿੰਘ ਬਰਾੜ, ਐਪਸੋ ਪ੍ਰਧਾਨ ਡਾ ਪਵਨ ਥਾਪਰ, ਏਟਕ ਮੋਗਾ ਤੋਂ ਜਗਸੀਰ ਖੋਸਾ, ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ, ਜ਼ਿਲ੍ਹਾ ਐੱਨਜੀਓ ਕੋਆਰਡੀਨੇਸ਼ਨ ਕਮੇਟੀ ਦੇ ਸਕੱਤਰ ਅਮਰਜੀਤ ਸਿੰਘ ਜੱਸਲ, ਕੋਆਰਡੀਨੇਟਰ ਦਰਸ਼ਨ ਸਿੰਘ ਵਿਰਦੀ, ਮਹਿਕ ਵਤਨ ਦੀ ਫਾਊਂਡੇਸ਼ਨ ਦੇ ਚੀਫ ਐਡੀਟਰ ਭਵਨਦੀਪ ਪੁਰਬਾ, ਉਘੀ ਲੇਖਿਕਾ ਬੇਅੰਤ ਕੌਰ ਗਿੱਲ, ਡਾ ਸਰਬਜੀਤ ਕੌਰ ਬਰਾੜ, ਜਮਹੂਰੀ ਅਧਿਕਾਰ ਸਭਾ ਦੇ ਆਗੂ ਸਰਬਜੀਤ ਸਿੰਘ ਦੌਧਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਜਸਕਰਨ ਸਿੰਘ, ਪੈਨਸ਼ਨਰ ਆਗੂ ਭੁਪਿੰਦਰ ਸਿੰਘ ਸੇਖੋਂ, ਪੋਹਲਾ ਸਿੰਘ ਬਰਾੜ, ਪ੍ਰੇਮ ਕੁਮਾਰ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਬ੍ਰਿਜਭੂਸ਼ਨ ਸ਼ਰਨ ਸਿੰਘ ਖਿਲਾਫ ਐੱਫਆਈਆਰ ਦਰਜ ਕਰਵਾਉਣ ਲਈ ਪਹਿਲਵਾਨ ਬੇਟੀਆਂ ਨੂੰ ਤਿੰਨ ਮਹੀਨੇ ਸੰਘਰਸ਼ ਕਰਨ ਤੋਂ ਬਾਅਦ ਵੀ ਸੁਪਰੀਮ ਕੋਰਟ ਦਾ ਸਹਾਰਾ ਲੈਣਾ ਪਿਆ ਅਤੇ ਪੋਕਸੋ ਐਕਟ ਲੱਗਣ ਦੇ ਬਾਵਜੂਦ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਉਨ੍ਹਾਂ ਨੂੰ 37 ਦਿਨਾਂ ਬਾਅਦ ਵੀ ਸੜਕਾਂ ਤੇ ਰੁਲਣਾ ਪੈ ਰਿਹਾ ਹੈ। ਉਨ੍ਹਾਂ ਕੱਲ੍ਹ ਦਿੱਲੀ ਦੀਆਂ ਸੜਕਾਂ ਤੇ ਪੁਲੀਸ ਵੱਲੋਂ ਕੀਤੀ ਗਈ ਕਾਰਵਾਈ ਦੀ ਸਖ਼ਤ ਸ਼ਬਦਾਂ ਨਿੰਦਾ ਕੀਤੀ। ਉਨ੍ਹਾਂ ਇੱਕ ਸੁਰ ਵਿੱਚ ਦੇਸ਼ ਦੀਆਂ ਬੇਟੀਆਂ ਦੇ ਇਸ ਸੰਘਰਸ਼ ਦਾ ਸਮਰਥਨ ਕਰਦਿਆਂ ਐਲਾਨ ਕੀਤਾ ਕਿ ਇਨਸਾਫ ਮਿਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿ ਜੇ ਸਰਕਾਰ ਨੇ ਮਸਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਨਾ ਕੀਤੀ ਤਾਂ ਕਿਸਾਨ ਅੰਦੋਲਨ ਵਾਂਗ ਲੋਕ ਇੱਕਜੁਟ ਹੋ ਕੇ ਸਰਕਾਰ ਦੇ ਨੱਕ ਵਿੱਚ ਦਮ ਕਰ ਦੇਣਗੇ। ਇਸ ਮਾਰਚ ਵਿੱਚ ਉਕਤ ਤੋਂ ਇਲਾਵਾ ਰੂਰਲ ਐੱਨਜੀਓ ਬਲਾਕ ਬਾਘਾ ਪੁਰਾਣਾ ਦੇ ਪ੍ਰਧਾਨ ਹਰਮਿੰਦਰ ਕੋਟਲਾ, ਮੋਗਾ-1 ਦੇ ਪ੍ਰਧਾਨ ਕੁਲਵਿੰਦਰ ਸਿੰਘ ਰਾਮੂਵਾਲਾ, ਹਰਭਜਨ ਸਿੰਘ ਬਹੋਨਾ, ਪੰਜਾਬ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਪ੍ਰੇਮ ਕੁਮਾਰ, ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਆਗੂ ਬੂਟਾ ਸਿੰਘ ਭੱਟੀ, ਕੇਵਲ ਕ੍ਰਿਸ਼ਨ ਸ਼ਰਮਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਬੱਬੂ ਘੱਲਕਲਾਂ, ਬਲਵੀਰ ਸਿੰਘ ਪਾਂਧੀ, ਕਮਲਜੀਤ ਕੌਰ, ਭੁਪਿੰਦਰ ਕੌਰ, ਪ੍ਰੋਮਿਲਾ ਮੈਨਰਾਏ, ਅਮਰਜੀਤ ਸਿੰਘ ਕਲਕੱਤਾ, ਸੁਖਚੈਨ ਰਾਮੂਵਾਲੀਆ, ਕ੍ਰਿਸ਼ਨ ਸੂਦ, ਸੁਖਵਿੰਦਰ ਬੁੱਘੀਪੁਰਾ, ਦਰਸ਼ਨ ਸਿੰਘ ਤੇ ਹੰਸ ਰਾਜ ਤੋਂ ਇਲਾਵਾ 100 ਦੇ ਕਰੀਬ ਵੱਖ ਸੰਸਥਾਵਾਂ ਦੇ ਮੈਂਬਰ ਹਾਜ਼ਰ ਸਨ।