ਨਵੀਂ ਦਿੱਲੀ, 30 ਮਈ
ਦੇਸ਼ ਦੇ ਨਾਮੀ ਪਹਿਲਵਾਨ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਨੇ ਅੱਜ ਕੇਂਦਰ ਸਰਕਾਰ ਤੋਂ ਨਿਰਾਸ਼ ਹੋ ਕੇ ਕਿਹਾ ਕਿ ਉਹ ਅੱਜ ਸ਼ਾਮ 6 ਵਜੇ ਹਰਿਦੁਆਰ ਵਿੱਚ ਗੰਗਾ ‘ਚ ਆਪਣੇ ਸਾਰੇ ਕੌਮਾਂਤਰੀ ਤੇ ਓਲੰਪਿਕ ਤਮਗਿਆਂ ਨੂੰ ਸੁੱਟ ਦੇਣਗੇ। ਬਜਰੰਗ ਪੂਨੀਆ ਨੇ ਟਵੀਟ ਵਿੱਚ ਕਿਹਾ ਕਿ ਤਮਗੇ ਉਨ੍ਹਾਂ ਦੀ ਜਾਨ ਤੇ ਆਤਮਾ ਹਨ ਤੇ ਇਨ੍ਹਾਂ ਤੋਂ ਬਗੈਰ ਜ਼ਿੰਦਗੀ ਕੁੱਝ ਵੀ ਨਹੀਂ। ਇਸ ਲਈ ਤਮਗੇ ਗੰਗਾ ਵਿੱਚ ਸੁੱਟਣ ਬਾਅਦ ਉਹ ਇੰਡੀਆ ਗੇਟ ‘ਤੇ ਮਰਨ ਵਰਤ ‘ਤੇ ਬੈਠਣਗੇ। ਦੇਸ਼ ਦੇ ਸ਼ਹੀਦਾਂ ਦੀ ਯਾਦਗਾਰ ‘ਤੇ ਆਪਣੇ ਪ੍ਰਾਣ ਤਿਆਗ ਦੇਣਗੇ। ਉਸ ਨੇ ਕਿਹਾ ਅਪਵਿੱਤਰ ਤੰਤਰ ਆਪਣਾ ਕੰਮ ਕਰ ਰਿਹਾ ਹੈ ਤੇ ਉਹ ਆਪਣਾ। ਹੁਣ ਦੇਸ਼ ਦੀ ਜਨਤਾ ਨੇ ਫ਼ੈਸਲਾ ਕਰਨਾ ਹੈ ਕਿ ਉਸ ਨੇ ਧੀਆਂ ਨਾਲ ਖੜ੍ਹਨਾ ਹੈ ਜਾਂ ਸਫ਼ੈਦਪੋਸ਼ ਤੰਤਰ ਨਾਲ।