ਨਵੀਂ ਦਿੱਲੀ, 29 ਮਈ
ਮੁੱਖ ਅੰਸ਼
- ਰਾਹੁਲ ਗਾਂਧੀ ਅਤੇ ਰੰਧਾਵਾ ਨਾਲ ਵੀ ਕੀਤਾ ਗਿਆ ਵਿਚਾਰ ਵਟਾਂਦਰਾ
ਰਾਜਸਥਾਨ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਅੰਦਰ ਸੂਬੇ ‘ਚ ਚੱਲ ਰਹੀ ਖਿੱਚੋਤਾਣ ਅਤੇ ਆਗੂਆਂ ਵਿਚਕਾਰ ਮੱਤਭੇਦ ਦੂਰ ਕਰਨ ਲਈ ਹਾਈ ਕਮਾਨ ਵੱਲੋਂ ਸੱਦੀ ਮੀਟਿੰਗ ਸਫ਼ਲ ਰਹੀ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਤੇ ਸਚਿਨ ਪਾਇਲਟ ਨੇ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਕਾਂਗਰਸ ਆਗੂ ਰਾਹੁਲ ਗਾਂਧੀ ਵੀ ਹਾਜ਼ਰ ਸਨ। ਮੀਟਿੰਗ ਮਗਰੋਂ ਪਾਰਟੀ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਦੋਵੇਂ ਆਗੂ ਰਾਜਸਥਾਨ ‘ਚ ਵਿਧਾਨ ਸਭਾ ਚੋਣਾਂ ਰਲ ਕੇ ਲੜਨਗੇ ਅਤੇ ਉਨ੍ਹਾਂ ਇਸ ‘ਤੇ ਸਹਿਮਤੀ ਪ੍ਰਗਟਾਈ ਹੈ। ਵੇਣੂ ਗੋਪਾਲ ਨੇ ਕਿਹਾ ਕਿ ਗਹਿਲੋਤ ਅਤੇ ਪਾਇਲਟ ਨੇ ਫ਼ੈਸਲਾ ਹਾਈ ਕਮਾਨ ‘ਤੇ ਛੱਡ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਰਾਜਸਥਾਨ ’ਚ ਮੁੜ ਸਰਕਾਰ ਬਣਾਵੇਗੀ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਪਾਇਲਟ ਨੇ ਸੂਬਾ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੋਇਆ ਸੀ ਕਿ ਜੇਕਰ ਮਹੀਨੇ ਦੇ ਅਖੀਰ ਤੱਕ ਉਸ ਦੀਆਂ ਤਿੰਨ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੂਬਾ ਪੱਧਰੀ ਪ੍ਰਦਰਸ਼ਨ ਸ਼ੁਰੂ ਕਰੇਗਾ। ਸੂਤਰਾਂ ਨੇ ਕਿਹਾ ਕਿ ਗਹਿਲੋਤ ਸ਼ਾਮ 6 ਵਜੇ ਦੇ ਕਰੀਬ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ ‘ਤੇ ਮਿਲੇ ਅਤੇ ਕੁਝ ਮਿੰਟਾਂ ਮਗਰੋਂ ਰਾਹੁਲ ਵੀ ਮੀਟਿੰਗ ‘ਚ ਸ਼ਾਮਲ ਹੋਏ। ਇਹ ਮੀਟਿੰਗ ਕਰੀਬ ਅੱਧਾ ਘੰਟਾ ਚੱਲੀ ਜਿਸ ਮਗਰੋਂ ਰਾਜਸਥਾਨ ਮਾਮਲਿਆਂ ਦੇ ਇੰਚਾਰਜ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਸੱਦਿਆ ਗਿਆ। ਭਾਜਪਾ ਦੀ ਪਿਛਲੀ ਸਰਕਾਰ ਦੌਰਾਨ ਹੋਏ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਰਵਾਈ ਨਾ ਕਰਨ ਲਈ ਗਹਿਲੋਤ ਸਰਕਾਰ ਨੂੰ ਘੇਰਦੇ ਆ ਰਹੇ ਪਾਇਲਟ ਨੇ ਦੋ ਘੰਟੇ ਮਗਰੋਂ ਖੜਗੇ ਦੀ ਰਿਹਾਇਸ਼ ‘ਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਲੰਬੇ ਅਰਸੇ ਮਗਰੋਂ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਸਾਬਕਾ ਡਿਪਟੀ ਆਹਮੋ-ਸਾਹਮਣੇ ਆਏ। ਸੂਤਰਾਂ ਨੇ ਕਿਹਾ ਕਿ ਮੀਟਿੰਗ ‘ਚ ਏਆਈਸੀਸੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਅਤੇ ਰਾਜਸਥਾਨ ਤੋਂ ਪਾਰਟੀ ਆਗੂ ਜੀਤੇਂਦਰ ਸਿੰਘ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਗਹਿਲੋਤ ਨੇ ਕਿਹਾ ਸੀ ਕਿ ਪਾਰਟੀ ਹਾਈ ਕਮਾਨ ਮਜ਼ਬੂਤ ਹੈ ਅਤੇ ਉਹ ਕਿਸੇ ਵੀ ਆਗੂ ਜਾਂ ਵਰਕਰ ਨੂੰ ਸ਼ਾਂਤ ਕਰਨ ਲਈ ਕੋਈ ਅਹੁਦਾ ਨਹੀਂ ਦੇਵੇਗੀ। ਪਾਇਲਟ ਨੂੰ ਸ਼ਾਂਤ ਕਰਨ ਲਈ ਕਿਸੇ ਫਾਰਮੂਲੇ ‘ਤੇ ਵਿਚਾਰ ਕਰਨ ਦੀਆਂ ਰਿਪੋਰਟਾਂ ਦਰਮਿਆਨ ਗਹਿਲੋਤ ਨੇ ਕਿਹਾ ਕਿ ਇਹ ਸਭ ਮੀਡੀਆ ਵੱਲੋਂ ਘੜੀਆਂ ਗਈਆਂ ਗੱਲਾਂ ਹਨ। -ਪੀਟੀਆਈ