ਦਮਦਮੀ ਟਕਸਾਲ ਨੇ ਗੋਰਾ ਬਾਬਾ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ

ਦਮਦਮੀ ਟਕਸਾਲ ਨੇ ਗੋਰਾ ਬਾਬਾ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕੇ


ਪੱਤਰ ਪ੍ਰੇਰਕ

ਪਟਿਆਲਾ, 30 ਮਈ

ਕਲਿਆਣ ਗੁਰਦੁਆਰਾ ਅਰਦਾਸਪੁਰਾ ਵਿੱਚੋਂ ਸਫ਼ਰੀ ਸਰੂਪ ਚੋਰੀ ਹੋਣ ਦੇ ਮਾਮਲੇ ਵਿਚ ਚਰਚਾ ਵਿਚ ਆਏ ਲਖਬੀਰ ਸਿੰਘ ਉਰਫ਼ ਗੋਰਾ ਬਾਬਾ ਦੇ ਘਰੋਂ ਅੱਜ ਦਮਦਮੀ ਟਕਸਾਲ (ਅਜਨਾਲਾ) ਦੇ ਮੁਖੀ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿੱਚ ਟਕਸਾਲ ਤੇ ਸਤਿਕਾਰ ਕਮੇਟੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਇਕ ਹੱਥ ਲਿਖਤ ਸਮੇਤ ਚਾਰ ਸਰੂਪ ਚੁੱਕ ਲਏ ਹਨ। ਉਹ ਘਰ ਵਿਚ ਪੋਥੀਆਂ ਤੇ ਗੁਰੂਆਂ ਦੀਆਂ ਫ਼ੋਟੋਆਂ ਵੀ ਚੁੱਕ ਕੇ ਲੈ ਗਏ ਹਨ। ਗੋਰਾ ਬਾਬਾ ‘ਤੇ ਉਸ ਦੀ ਨੂੰਹ ਜਸਬੀਰ ਕੌਰ ਨੇ ਦੋਸ਼ ਲਗਾਏ ਸਨ ਕਿ ਸਫ਼ਰੀ ਸਰੂਪ (ਢਾਈ ਇੰਚ ਬਾਇ ਡੇਢ ਇੰਚ) ਗੋਰਾ ਬਾਬਾ, ਉਸ ਦੇ ਪੁੱਤਰ ਤੇ ਉਸ ਦੀ ਪਤਨੀ ਨੇ ਘਰ ਵਿਚ ਅਗਨ ਭੇਟ ਕੀਤੇ ਸਨ ਕਿਉਂਕਿ ਸਫ਼ਰੀ ਸਰੂਪ ਚੋਰੀ ਹੋਣ ਦਾ ਮਾਮਲਾ ਭਖ ਗਿਆ ਸੀ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੋਰੇ ਬਾਬੇ ਦੀ ਨੂੰਹ ਜਸਬੀਰ ਕੌਰ ਨੇ ਗੋਰੇ ਬਾਬੇ ਦੇ ਲੜਕੇ ‘ਤੇ ਚਾਰ ਵਿਆਹ ਕਰਾਉਣ ਦੇ ਦੋਸ਼ ਵੀ ਲਗਾਏ ਸਨ।

ਇੱਥੇ ਆਏ ਅਮਰੀਕ ਸਿੰਘ ਅਜਨਾਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਵੀ ਪਤਾ ਸੀ ਕਿ ਸਫ਼ਰੀ ਸਰੂਪ ਗੋਰੇ ਬਾਬਾ ਨੇ ਚੋਰੀ ਕੀਤਾ ਹੈ ਪਰ ਉਨ੍ਹਾਂ ਕੋਲ ਕੋਈ ਸਬੂਤ ਨਹੀਂ ਸੀ ਪਰ ਹੁਣ ਪ੍ਰਤੱਖ ਸਬੂਤ ਬੀਬੀ ਜਸਬੀਰ ਕੌਰ ਨੇ ਦੇ ਦਿੱਤਾ ਹੈ। ਇਹ ਬਾਬਾ ਬਿਰਧ ਸਰੂਪ ਇਕੱਠੇ ਕਰਕੇ ਦੁਕਾਨਦਾਰੀ ਚਲਾ ਰਿਹਾ ਸੀ ਜਿਨ੍ਹਾਂ ਨੂੰ ਅੱਗੇ ਵੇਚਿਆ ਜਾਂਦਾ ਸੀ। ਉਨ੍ਹਾਂ ਬੀਬੀ ਜਸਬੀਰ ਕੌਰ ਦੀ ਗਵਾਹੀ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਤੇ ਅੱਜ ਇਸ ਦੇ ਘਰੋਂ ਗੁਰੂ ਮਹਾਰਾਜ ਦੇ ਇਕ ਹੱਥ ਲਿਖਤ ਸਮੇਤ ਚਾਰ ਸਰੂਪ ਸਤਿਕਾਰ ਸਹਿਤ ਚੁੱਕ ਲਏ ਹਨ ਤੇ ਗੁਰੂ ਜੀ ਨਾਲ ਸਬੰਧਤ ਹੋਰ ਸਾਮਾਨ ਵੀ ਚੁੱਕ ਲਿਆ ਹੈ। ਉਨ੍ਹਾਂ ਮੰਗ ਕੀਤੀ ਕਿ ਗੋਰੇ ਬਾਬਾ, ਉਸ ਦੀ ਪਤਨੀ ਤੇ ਉਸ ਦੇ ਪੁੱਤਰ ‘ਤੇ ਪੁਲੀਸ ਵੱਲੋਂ ਤੁਰੰਤ ਕੇਸ ਦਰਜ ਕੀਤਾ ਜਾਵੇ ਤੇ ਉਸ ਨੂੰ ਜੇਲ੍ਹ ਵਿਚ ਡੱਕਿਆ ਜਾਵੇ। ਉਨ੍ਹਾਂ ਦੱਸਿਆ ਕਿ ਜਦੋਂ ਅਮਰੀਕ ਸਿੰਘ ਗੋਰਾ ਬਾਬਾ ਦੇ ਘਰੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੁੱਕਣ ਆਏ ਤਾਂ ਉਸ ਵੇਲੇ ਘਰ ਵਿਚੋਂ ਗੋਰਾ ਬਾਬਾ ਤੇ ਉਸ ਦਾ ਪਰਿਵਾਰ ਗ਼ਾਇਬ ਸੀ।

ਅਮਰੀਕ ਸਿੰਘ ਨੇ ਪ੍ਰਸ਼ਾਸਨ ਤੋਂ ਇਹ ਮੰਗ ਵੀ ਕੀਤੀ ਕਿ ਇਸ ਕਾਂਡ ਦਾ ਖ਼ੁਲਾਸਾ ਕਰਨ ਵਾਲੀ ਬੀਬੀ ਜਸਬੀਰ ਕੌਰ ਦੀ ਜਾਨ ਮਾਲ ਦੀ ਰਾਖੀ ਕਰਨ ਦਾ ਪੂਰਾ ਜ਼ਿੰਮਾ ਹੁਣ ਜ਼ਿਲ੍ਹਾ ਪ੍ਰਸ਼ਾਸਨ ‘ਤੇ ਹੈ ਜੇਕਰ ਉਸ ਬੀਬੀ ਨੂੰ ਕੁਝ ਹੋਇਆ ਤਾਂ ਉਸ ਦਾ ਜ਼ਿੰਮੇਵਾਰ ਜ਼ਿਲ੍ਹਾ ਪ੍ਰਸ਼ਾਸਨ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਗੋਰਾ ਬਾਬਾ ‘ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਜਦਕਿ ਉਸ ਖ਼ਿਲਾਫ਼ ਕਈ ਗਲਤ ਕੰਮ ਕਰਨ ਦੇ ਦੋਸ਼ ਵੀ ਲਗਦੇ ਰਹੇ ਹਨ।



Source link