ਪ੍ਰਧਾਨ ਮੰਤਰੀ ਨੂੰ ਰੱਬ ਨਾਲੋਂ ਵੱਧ ਜਾਣਕਾਰੀ: ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਨੂੰ ਰੱਬ ਨਾਲੋਂ ਵੱਧ ਜਾਣਕਾਰੀ: ਰਾਹੁਲ ਗਾਂਧੀ


ਸਾਂਟਾ ਕਲਾਰਾ(ਅਮਰੀਕਾ), 31 ਮਈ

ਮੁੱਖ ਅੰਸ਼

  • ਭਾਜਪਾ ‘ਤੇ ਲੋਕਾਂ ਨੂੰ ਧਮਕਾਉਣ ਤੇ ਜਾਂਚ ੲੇਜੰਸੀਆਂ ਦੀ ਦੁਰਵਰਤੋਂ ਦਾ ਲਾਇਆ ਦੋਸ਼
  • ਤਕਰੀਰ ਦਰਮਿਆਨ ਖਾਲਿਸਤਾਨੀ ਸਮਰਥਕਾਂ ਨੇ ਕੀਤੀ ਨਾਅਰੇਬਾਜ਼ੀ

ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਵਿੱਚ ਕੁਝ ਲੋਕ ਹਨ, ਜੋ ਇਹ ਮੰਨਦੇ ਹਨ ਕਿ ਉਨ੍ਹਾਂ ਨੂੰ ਰੱਬ ਨਾਲੋਂ ਵੱਧ ਜਾਣਕਾਰੀ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਵਿਚੋਂ ਇਕ ਹਨ। ਗਾਂਧੀ ਕੈਲੀਫੋਰਨੀਆ ਸੂਬੇ ਦੇ ਸਾਂਟਾ ਕਲਾਰਾ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਯੂਐੱਸਏ ਵੱਲੋਂ ‘ਮੁਹੱਬਤ ਕੀ ਦੁਕਾਨ’ ਨਾਂ ਹੇਠ ਕਰਵਾੲੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਗਾਂਧੀ ਨੇ ਕਿਹਾ ਇਨ੍ਹਾਂ ਲੋਕਾਂ ਨੂੰ ‘ਪੂਰਾ ਯਕੀਨ’ ਹੈ ਕਿ ਉਨ੍ਹਾਂ ਨੂੰ ਸਭ ਕੁਝ ਪਤਾ ਹੈ ਅਤੇ ਉਹ ਇਤਿਹਾਸਕਾਰਾਂ ਨੂੰ ਇਤਿਹਾਸ, ਵਿਗਿਆਨੀਆਂ ਨੂੰ ਵਿਗਿਆਨ ਤੇ ਫੌਜ ਨੂੰ ਜੰਗ ਬਾਰੇ ਵਿਸਥਾਰ ਨਾਲ ਸਮਝਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੱਤਾਧਾਰੀ ਭਾਜਪਾ ਨੂੰ ਹਰਾਉਣ ਲਈ ਵਿਰੋਧੀ ਧਿਰਾਂ ਦਾ ‘ਸਹੀ ਢੰਗ ਨਾਲ ਇਕਜੁੱਟ’ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸੱਤਾਧਾਰੀ ਭਾਜਪਾ ‘ਤੇ ਲੋਕਾਂ ਨੂੰ ‘ਧਮਕਾਉਣ’ ਅਤੇ ਦੇਸ਼ ਦੀਆਂ ਏਜੰਸੀਆਂ ਦੀ ‘ਦੁਰਵਰਤੋਂ’ ਕਰਨ ਦੇ ਦੋਸ਼ ਵੀ ਲਾਏ। ਗਾਂਧੀ ਨੇ ਕਿਹਾ ਕਿ ਭਾਜਪਾ ਤੇ ਆਰਐੱਸਐੱਸ ਭਾਰਤ ਵਿੱਚ ਰਾਜਨੀਤੀ ਦੇ ਸਾਰੇ ਸਾਧਨਾਂ ਨੂੰ ਕੰਟਰੋਲ ਕਰ ਰਹੇ ਹਨ। ਇਸ ਦੌਰਾਨ ਸਮਾਗਮ ਵਿੱਚ ਮੌਜੂਦ ਕੁਝ ਖਾਲਿਸਤਾਨੀ ਸਮਰਥਕਾਂ ਨੇ 1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਖਿਲਾਫ਼ ਨਾਅਰੇਬਾਜ਼ੀ ਕੀਤੀ, ਜਿਸ ਕਰਕੇ ਉਨ੍ਹਾਂ ਨੂੰ ਆਪਣੀ ਤਕਰੀਰ ਕੁਝ ਦੇਰ ਲਈ ਰੋਕਣੀ ਪਈ। ਰਾਹੁਲ ਗਾਂਧੀ ਨੇ ਕਿਹਾ, ”ਕਿਸੇ ਵਿਅਕਤੀ ਨੂੰ ਸਭ ਕੁਝ ਜਾਣਨ ਲਈ ਇਹ ਦੁਨੀਆ ਬਹੁਤ ਵੱਡੀ ਤੇ ਗੁੰਝਲਦਾਰ ਹੈ। ਇਹੀ ਤਾਂ ਬੀਮਾਰੀ ਹੈ…ਭਾਰਤ ਵਿੱਚ ਲੋਕਾਂ ਦਾ ਇਕ ਸਮੂਹ ਹੈ, ਜਿਨ੍ਹਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੈ ਕਿ ਉਹ ਸਭ ਕੁਝ ਜਾਣਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਤਾਂ ਰੱਬ ਨਾਲੋਂ ਵੀ ਵੱਧ ਜਾਣਦੇ ਹਨ।” ਸਮਾਗਮ ਵਿੱਚ ਮੌਜੂਦ ਸੈਂਕੜੇ ਭਾਰਤੀ ਅਮਰੀਕੀ ਹਮਾਇਤੀਆਂ ਦੇ ਹਾਸੇ ਦਰਮਿਆਨ ਗਾਂਧੀ ਨੇ ਕਿਹਾ, ”ਉਹ ਰੱਬ ਨਾਲ ਬਹਿ ਕੇ ਉਸ ਨੂੰ ਦੱਸ ਸਕਦੇ ਹਨ ਕਿ ਕੀ ਚੱਲ ਰਿਹਾ ਹੈ। ਅਤੇ ਸਾਡੇ ਪ੍ਰਧਾਨ ਮੰਤਰੀ ਵੀ ਇਨ੍ਹਾਂ ਵਿਚੋਂ ਇਕ ਹਨ। ਜੇਕਰ ਤੁਸੀਂ ਮੋਦੀ ਜੀ ਨੂੰ ਰੱਬ ਨਾਲ ਬਿਠਾ ਦਿਓ, ਉਹ ਰੱਬ ਨੂੰ ਦੱਸਣਗੇ ਕਿ ਇਹ ਬ੍ਰਹਿਮੰਡ ਕਿਵੇਂ ਕੰਮ ਕਰਦਾ ਹੈ ਤੇ ਰੱਬ ਆਪਣੀ ਹੀ ਸਿਰਜਣਾ ਨੂੰ ਲੈ ਕੇ ਦੁਚਿੱਤੀ ਵਿੱਚ ਪੈ ਜਾਵੇਗਾ।” ਕਾਂਗਰਸ ਆਗੂ ਨੇ ਕਿਹਾ, ”ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਇਤਿਹਾਸਕਾਰਾਂ ਨੂੰ ਇਤਿਹਾਸ, ਵਿਗਿਆਨੀਆਂ ਨੂੰ ਵਿਗਿਆਨ ਤੇ ਫੌਜ ਨੂੰ ਜੰਗ ਬਾਰੇ ਤਫ਼ਸੀਲ ‘ਚ ਸਮਝਾ ਸਕਦੇ ਹਨ। ਪਰ ਇਸ ਦਾ ਸਾਰ ਤੱਤ ਬੜਾ ਸਾਧਾਰਨ ਹੈ। ਉਹ ਸੁਣਨ ਲਈ ਤਿਆਰ ਨਹੀਂ ਹਨ!” ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਮਹਿੰਦਰ ਸਿੰਘ ਗਿਲਜ਼ੀਆਂ ਨੇ ਕਿਹਾ ਕਿ ਸਮਾਗਮ ਵਿੱਚ ਸਿਲੀਕਾਨ ਵੈਲੀ ਤੋਂ ਇਲਾਵਾ ਲਾਸ ਏਂਜਲਸ ਤੇ ਕੈਨੇਡਾ ਤੋਂ ਵੀ ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰ ਸ਼ਾਮਲ ਹੋਏ। ਗਾਂਧੀ ਨੇ ਕਿਹਾ ਕਿ ਭਾਰਤ ਦੀ ਵਿਚਾਰਧਾਰਾ ਹਮਲੇ ਅਧੀਨ ਹੈ ਤੇ ਇਸ ਨੂੰ ਲਗਾਤਾਰ ਚੁਣੌਤੀ ਦਿੱਤੀ ਜਾ ਰਹੀ ਹੈ। ਸੇਂਗੋਲ ਵਿਵਾਦ ਦੀ ਗੱਲ ਕਰਦਿਆਂ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੇ ਉਨ੍ਹਾਂ ਦੀ ਸਰਕਾਰ ਬੇਰੁਜ਼ਗਾਰੀ, ਮਹਿੰਗਾਈ ਤੇ ਗੁੱਸੇ ਤੇ ਨਫ਼ਰਤ ਦੇ ਫੈਲਾਅ ਜਿਹੇ ਮੁੱਦਿਆਂ ਨੂੰ ਮੁਖਾਤਿਬ ਨਹੀਂ ਹੋ ਸਕੀ। ਉਨ੍ਹਾਂ ਕਿਹਾ ਕਿ ਗਰੀਬ ਤੇ ਘੱਟਗਿਣਤੀ ਭਾਈਚਾਰੇ ਦੇ ਲੋਕ ਅੱਜ ਭਾਰਤ ਵਿੱਚ ਬੇਸਹਾਰਾ ਮਹਿਸੂਸ ਕਰ ਰਹੇ ਹਨ। ਗਾਂਧੀ ਨੇ ਕਿਹਾ, ”ਭਾਰਤੀ ਇਕ ਦੂਜੇ ਨਾਲ ਨਫ਼ਰਤ ਕਰਨ ਵਿੱਚ ਯਕੀਨ ਨਹੀਂ ਰੱਖਦੇ। ਲੋਕਾਂ ਦਾ ਇਕ ਛੋਟਾ ਸਮੂਹ, ਜੋ ਸਿਸਟਮ ਨੂੰ ਕੰਟਰੋਲ ਕਰ ਰਿਹੈ ਅਤੇ ਮੀਡੀਆ ਨਫ਼ਰਤ ਦੀ ਅੱਗ ਨੂੰ ਹਵਾ ਦੇ ਰਿਹੈ।” ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਪਰਸਨ ਸੈਮ ਪਿਤਰੋਦਾ ਨੇ ਕਿਹਾ ਕਿ ਦੇਸ਼ ਨੂੰ ਅਗਵਾਈ ਦੇਣ ਲਈ ਗਾਂਧੀ ਜਿਹੀ ‘ਨੌਜਵਾਨ ਵਿਚਾਰਧਾਰਾ’ ਦੀ ਲੋੜ ਹੈ।ਸਾਂਟਾ ਕਰੂਜ਼ ਵਿੱਚ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਸਿਲੀਕਾਨ ਕੈਂਪਸ ਵਿੱਚ ਸੰਚਾਲਕ ਤੇ ਹਾਜ਼ਰੀਨ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ ਕਿ ਜੇਕਰ ਵਿਰੋਧੀ ਧਿਰਾਂ ਸਹੀ ਤਰੀਕੇ ਨਾਲ ਇਕਜੁੱਟ ਹੋਣ ਤਾਂ ਸੱਤਾਧਾਰੀ ਭਾਜਪਾ ਨੂੰ ਹਰਾਇਆ ਜਾ ਸਕਦਾ ਹੈ। ਉਨ੍ਹਾਂ ਕਾਂਗਰਸ ਨੂੰ ਕਰਨਾਟਕ ਅਸੈਂਬਲੀ ਚੋਣਾਂ ਵਿੱਚ ਮਿਲੀ ਜਿੱਤ ਦੇ ਹਵਾਲੇ ਨਾਲ ਕਿਹਾ ਕਿ ਪਾਰਟੀ ਨੇ ਉਥੇ ਚੋਣਾਂ ਲੜਨ ਲਈ ਬਿਲੁਕਲ ਵੱਖਰੀ ਪਹੁੰਚ ਅਪਣਾਈ ਤੇ ਇਕ ਬਿਰਤਾਂਤ ਤਿਆਰ ਕੀਤਾ। ਉਨ੍ਹਾਂ ਕਿਹਾ ਕਿ ਕਰਨਾਟਕ ਚੋਣਾਂ ਦੌਰਾਨ ਭਾਜਪਾ ਨੇ ਕਾਂਗਰਸ ਪਾਰਟੀ ਨਾਲੋਂ ਦਸ ਗੁਣਾਂ ਵੱਧ ਪੈਸਾ ਖਰਚਿਆ।

ਸਾਂ ਫਰਾਂਸਿਸਕੋ ਵਿੱਚ ਭਾਰਤੀ ਭਾਈਚਾਰੇ ਨਾਲ ਸਬੰਧਤ ਪਰਿਵਾਰਾਂ ਦੇ ਬੱਚਿਆਂ ਨਾਲ ਮਿਲਦੇ ਹੋਏ ਰਾਹੁਲ ਗਾਂਧੀ

ਗਾਂਧੀ ਨੇ ਕਿਹਾ ਕਿ ਭਾਜਪਾ ਨੂੰ ਹਰਾਉਣ ਲਈ ਬਦਲਵੀਂ ਨਜ਼ਰ ਦੀ ਲੋੜ ਹੈ ਤੇ ਭਾਰਤ ਜੋੜੋ ਯਾਤਰਾ ਇਸ ਦਿਸ਼ਾ ‘ਚ ਪਹਿਲਾ ਕਦਮ ਸੀ। ਉਨ੍ਹਾਂ ਕਿਹਾ ਕਿ ਸਾਡੇ ਅਧਿਆਤਮਕ ਗੁਰੂਆਂ- ਗੁਰੂ ਨਾਨਕ ਦੇਵ ਜੀ, ਗੁਰੂ ਬਾਸਵੰਨਾ ਜੀ, ਨਰਾਇਣ ਗੁਰੂ ਜੀ…ਵਾਂਗ ਦੇਸ਼ ਨੂੰ ਇਕਜੁੱਟ ਕਰਨ ਦੀ ਲੋੜ ਹੈ। -ਪੀਟੀਆਈ

ਕਾਂਗਰਸ ਆਗੂ ਦਾ ਟਿੱਕਾ ਲਾ ਕੇ ਸਵਾਗਤ ਕਰਦੇ ਹੋਏ ਮੇਜ਼ਬਾਨ। -ਫੋਟੋਆਂ: ਏਐੱਨਆਈ

‘ਨਵਾਂ ਸੰਸਦ ਭਵਨ ਮੁੱਦਿਆਂ ਤੋਂ ਧਿਆਨ ਹਟਾਉਣ ਲਈ’

ਨਵੇਂ ਸੰਸਦ ਭਵਨ ਵਿੱਚ ਸਥਾਪਿਤ ਕੀਤੇ ਸੇਂਗੋਲ ਦੇ ਹਵਾਲੇ ਨਾਲ ਗਾਂਧੀ ਨੇ ਕਿਹਾ, ”ਨਵਾਂ ਸੰਸਦ ਭਵਨ ਧਿਆਨ ਹਟਾਉਣ ਲਈ ਹੈ। ਅਸਲ ਵਿੱਚ ਭਾਜਪਾ ਇਨ੍ਹਾਂ ਮੁੱਦਿਆਂ ‘ਤੇ ਚਰਚਾ ਨਹੀਂ ਕਰ ਸਕਦੀ, ਇਸ ਕਰਕੇ ਉਨ੍ਹਾਂ ਰਾਜਦੰਡ ਨੂੰ ਵਿਚ ਲੈ ਆਂਦਾ। ਦੰਡਵਤ ਪ੍ਰਣਾਮ ਤੇ ਹੋਰ ਕਈ ਕੁਝ। ਕੀ ਤੁਸੀਂ ਖੁਸ਼ ਨਹੀਂ ਕਿ ਮੈਂ ਨਹੀਂ ਲੇਟਿਆ?” ਉਨ੍ਹਾਂ ਅਮਰੀਕਾ ਵਿਚ ਭਾਰਤੀ ਤਿਰੰਗੇ (ਦੀ ਸ਼ਾਨ) ਨੂੰ ਉੱਚਾ ਰੱਖਣ ਲਈ ਭਾਰਤੀ-ਅਮਰੀਕੀ ਭਾਈਚਾਰੇ ਦੀ ਸ਼ਲਾਘਾ ਕੀਤੀ।

ਰਾਹੁਲ ਦੀ ਇਤਿਹਾਸ ਬਾਰੇ ਜਾਣਕਾਰੀ ਪਰਿਵਾਰ ਤੱਕ ਸੀਮਤ: ਭਾਜਪਾ

ਨਵੀਂ ਦਿੱਲੀ: ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸਾਬਕਾ ਕਾਂਗਰਸ ਪ੍ਰਧਾਨ ਨੂੰ ‘ਫ਼ਰਜ਼ੀ ਗਾਂਧੀ’ ਦੱਸਦਿਆਂ ਕਿਹਾ ਕਿ ਇਕ ਵਿਅਕਤੀ ਵਜੋਂ ‘ਉਨ੍ਹਾਂ ਨੂੰ ਕੁਝ ਨਹੀਂ ਪਤਾ’, ਪਰ ਉਹ ਹਰ ਵਿਸ਼ੇ ਦੇ ਮਾਹਿਰ ਬਣ ਗੲੇ ਹਨ। ਗਾਂਧੀ ਵੱਲੋਂ ਅਮਰੀਕਾ ਵਿਚ ਕੀਤੀ ਤਕਰੀਰ ਦੇ ਹਵਾਲੇ ਨਾਲ ਜੋਸ਼ੀ ਨੇ ਦਾਅਵਾ ਕੀਤਾ ਕਿ ਕਾਂਗਰਸ ਆਗੂ ਦੀ ਇਤਿਹਾਸ ਬਾਰੇ ਜਾਣਕਾਰੀ ਉਨ੍ਹਾਂ ਦੇ ਆਪਣੇ ਪਰਿਵਾਰ ਤੋਂ ਅੱਗੇ ਨਹੀਂ ਵਧ ਸਕੀ। ਸੀਨੀਅਰ ਭਾਜਪਾ ਆਗੂ ਨੇ ਕਿਹਾ, ”ਇਹ ਕਿੰਨਾ ਅਜੀਬ ਹੈ ਕਿ ਜਿਸ ਵਿਅਕਤੀ ਨੂੰ ਕੁਝ ਨਹੀਂ ਪਤਾ, ਉਹ ਅਚਾਨਕ ਹਰੇਕ ਚੀਜ਼ ਦਾ ਮਾਹਿਰ ਬਣ ਜਾਂਦਾ ਹੈ। ਇਕ ਵਿਅਕਤੀ ਜਿਸ ਦੀ ਇਤਿਹਾਸ ਬਾਰੇ ਜਾਣਕਾਰੀ ਆਪਣੇ ਪਰਿਵਾਰ ਤੋਂ ਅੱਗੇ ਨਹੀਂ ਵੱਧ ਸਕੀ, ਉਹ ਇਤਿਹਾਸ ਦੀਆਂ ਗੱਲਾਂ ਕਰ ਰਿਹਾ ਹੈ। ਇਕ ਵਿਅਕਤੀ ਜੋ ਆਲੂਆਂ ‘ਚੋਂ ਸੋਨਾ ਪੈਦਾ ਕਰਨ ਦੇ ਦਾਅਵੇ ਕਰਦਾ ਹੈ, ਉਹ ਵਿਗਿਆਨ ‘ਤੇ ਲੈਕਚਰ ਦੇ ਰਿਹੈ ਤੇ ਇਕ ਵਿਅਕਤੀ ਜੋ ਕਦੇ ਪਰਿਵਾਰਕ ਮਾਮਲਿਆਂ ‘ਚੋਂ ਬਾਹਰ ਨਿਕਲਣ ਦੀ ਹਿੰਮਤ ਨਹੀਂ ਕਰ ਸਕਿਆ, ਉਹ ਭਾਰਤ ਦੀ ਜੰਗ ਦੀ ਅਗਵਾਈ ਕਰਨਾ ਚਾਹੁੰਦਾ ਹੈ।” ਜੋਸ਼ੀ ਨੇ ਕਿਹਾ, ”ਨਹੀਂ ਸ੍ਰੀ ਫਰਜ਼ੀ ਗਾਂਧੀ! ਭਾਰਤ ਦਾ ਸਾਰ ਤੱਤ ਉਸ ਦਾ ਸਭਿਆਚਾਰ ਹੈ। ਤੁਹਾਡੇ ਵਾਂਗ ਨਹੀਂ, ਜੋ ਭਾਰਤ ਦੀ ਦਿੱਖ ਨੂੰ ਦਾਗ਼ ਲਈ ਵਿਦੇਸ਼ੀ ਸਰਜ਼ਮੀਨ ਦੀ ਵਰਤੋਂ ਕਰ ਰਿਹੈ। ਭਾਰਤੀਆਂ ਨੂੰ ਆਪਣੇ ਇਤਿਹਾਸ ‘ਤੇ ਪੂਰਾ ਮਾਣ ਹੈ ਤੇ ਉਹ ਆਪਣੇ ਭੂਗੋਲ ਦੀ ਰੱਖਿਆ ਕਰਨਾ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ।” ਉਧਰ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਵਿਦੇਸ਼ ਦੌਰੇ ਮੌਕੇ ਭਾਰਤ ਨੂੰ ਬਦਨਾਮ ਕਰਨਾ ਆਦਤ ਬਣ ਗਈ ਹੈ।



Source link