ਚਾਮਰਾਜਨਗਰ (ਕਰਨਾਟਕ), 1 ਜੂਨ
ਇਸ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਭਾਰਤੀ ਹਵਾਈ ਸੈਨਾ ਦਾ ਕਿਰਨ ਟਰੇਨਰ ਹਵਾਈ ਜਹਾਜ਼ ਵੀਰਵਾਰ ਨੂੰ ਹਾਦਸਾਗ੍ਰਸਤ ਹੋ ਗਿਆ ਪਰ ਹਾਦਸੇ ਤੋਂ ਪਹਿਲਾਂ ਦੋਵੇਂ ਪਾਇਲਟਾਂ ਨੇ ਸੁਰੱਖਿਅਤ ਢੰਗ ਨਾਲ ਖ਼ੁਦ ਨੂੰ ਜਹਾਜ਼ ਤੋਂ ਬਾਹਰ ਕੱਢ ਲਿਆ। ਟਰੇਨਿੰਗ ਜਹਾਜ਼ ਨੇ ਬੰਗਲੂਰੂ ਹਵਾਈ ਸੈਨਾ ਸਟੇਸ਼ਨ ਤੋਂ ਉਡਾਣ ਭਰੀ ਸੀ ਜੋ ਅੱਜ ਸਵੇਰੇ ਭੋਗਾਪੁਰਾ ਪਿੰਡ ਵਿੱਚ ਹਾਦਸਾਗ੍ਰਸਤ ਹੋ ਗਿਆ। ਇਕ ਪਿੰਡ ਵਾਸੀ ਦਾ ਕਹਿਣਾ ਸੀ ਕਿ ਇਹ ਖੁਸ਼ਕਿਸਮਤੀ ਰਹੀ ਕਿ ਜਹਾਜ਼ ਕੱਚੇ ਮੈਦਾਨ ਨਾਲ ਟਕਰਾਇਆ। ਜੇ ਜਹਾਜ਼ ਪਿੰਡ ਵਿੱਚ ਹਾਦਸਾਗ੍ਰਸਤ ਹੁੰਦਾ ਤਾਂ ਕਾਫੀ ਨੁਕਸਾਨ ਝੱਲਣਾ ਪੈ ਸਕਦਾ ਸੀ। ਜ਼ਿਲ੍ਹਾ ਅਧਿਕਾਰੀਆਂ ਨੇ ਦੱਸਿਆ ਕਿ ਪਾਇਲਟ ਤੇਜਪਾਲ ਤੇ ਭੂਮਿਕਾ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਲਾਂਕਿ ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਭਾਰਤੀ ਹਵਾਈ ਸੈਨਾ ਮੁਤਾਬਿਕ ਜਦੋਂ ਹਾਦਸਾ ਵਾਪਰਿਆ, ਪਾਇਲਟ ਰੂਟੀਨ ਟਰੇਨਿੰਗ ‘ਤੇ ਸਨ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਸੈਨਾ ਨੇ ਟਵੀਟ ਕੀਤਾ,’ਭਾਰਤੀ ਹਵਾਈ ਸੈਨਾ ਦਾ ਕਿਰਨ ਟਰੇਨਰ ਜਹਾਜ਼ ਰੂਟੀਨ ਟਰੇਨਿੰਗ ਦੌਰਾਨ ਕਰਨਾਟਕ ਦੇ ਪਿੰਡ ਚਾਮਰਾਜਨਗਰ ਨੇੜੇ ਹਾਦਸਾਗ੍ਰਸਤ ਹੋ ਗਿਆ ਹੈ। ਦੋਵੇਂ ਪਾਇਲਟਾਂ ਨੇ ਸੁਰੱਖਿਅਤ ਢੰਗ ਨਾਲ ਛਾਲ ਮਾਰ ਕੇ ਜਾਨ ਬਚਾਈ। ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਅਦਾਲਤੀ ਜਾਂਚ ਦੇ ਹੁਕਮ ਦੇ ਦਿੱਤੇ ਗਏ। ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਤੇ ਹਵਾਈ ਸੈਨਾ ਦੀ ਟੀਮ ਐਮਰਜੈਂਸੀ ਸੇਵਾਵਾਂ ਨਿਭਾਉਣ ਵਾਲੇ ਅਮਲੇ ਨਾਲ ਮੌਕੇ ‘ਤੇ ਪੁੱਜੀ। ਜਿਵੇਂ ਹੀ ਜਹਾਜ਼ ਹਾਦਸਾਗ੍ਰਸਤ ਹੋਇਆ, ਜ਼ੋਰਦਾਰ ਅਵਾਜ਼ ਸੁਣ ਕੇ ਪਿੰਡ ਵਾਸੀ ਮੌਕੇ ‘ਤੇ ਪੁੱਜੇ ਤੇ ਜਹਾਜ਼ ਨੂੰ ਅੱਗ ਲੱਗੀ ਹੋਈ ਸੀ। -ਪੀਟੀਆਈ