ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਨੂੰ ਹਵਾਈ ਜਹਾਜ਼ ’ਤੇ ਚੜ੍ਹਨ ਤੋਂ ਰੋਕਿਆ

ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਨੂੰ ਹਵਾਈ ਜਹਾਜ਼ ’ਤੇ ਚੜ੍ਹਨ ਤੋਂ ਰੋਕਿਆ


ਕੋਲਕਾਤਾ, 5 ਜੂਨ

ਤ੍ਰਿਣਮੂਲ ਦੇ ਸੀਨੀਅਰ ਆਗੂ ਅਭਿਸ਼ੇਕ ਬੈਨਰਜੀ ਦੀ ਪਤਨੀ ਰੁਜਿਰਾ ਬੈਨਰਜੀ ਨੂੰ ਅੱਜ ਕਥਿਤ ਤੌਰ ‘ਤੇ ਯੂਏਈ ਜਾ ਰਹੇ ਹਵਾਈ ਜਹਾਜ਼ ‘ਤੇ ਸਵਾਰ ਹੋਣ ਤੋਂ ਰੋਕ ਦਿੱਤਾ ਗਿਆ। ਇਸ ਬਾਰੇ ਬੈਨਰਜੀ ਦੇ ਵਕੀਲ ਨੇ ਦੱਸਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਰੁਜਿਰਾ ਬੈਨਰਜੀ ਖ਼ਿਲਾਫ਼ ‘ਲੁਕਆਊਟ’ ਨੋਟਿਸ ਜਾਰੀ ਕਰਕੇ ਉਨ੍ਹਾਂ ਨੂੰ 8 ਜੂਨ ਨੂੰ ਈਡੀ ਦੇ ਦਫ਼ਤਰ ਵਿੱਚ ਪੇਸ਼ ਹੋਣ ਦੇ ਸਬੰਧ ਵਿੱਚ ਅੱਜ ਯੂਏਈ ਜਾਣ ਤੋਂ ਰੋਕਿਆ ਗਿਆ ਹੈ, ਜਦਕਿ ਅਦਾਲਤ ਨੇ ਉਨ੍ਹਾਂ ਦੀ ਵਿਦੇਸ਼ ਯਾਤਰਾ ‘ਤੇ ਕੋਈ ਰੋਕ ਨਹੀਂ ਲਗਾਈ ਹੈ।

ਸੂਤਰਾਂ ਅਨੁਸਾਰ ਅੱਜ ਸਵੇਰੇ 7 ਵਜੇ ਰੁਜਿਰਾ ਬੈਨਰਜੀ ਆਪਣੇ ਦੋ ਬੱਚਿਆਂ ਨਾਲ ਯੂਏਈ ਦੀ ਉਡਾਣ ਲਈ ਸਥਾਨਕ ਨੇਤਾਜੀ ਸੁਭਾਸ਼ ਚੰਦਰ ਬੋਸ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੀ ਸੀ, ਜਦੋਂ ਉਨ੍ਹਾਂ ਨੂੰ ਰੋਕ ਲਿਆ ਗਿਆ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਈਡੀ ਵੱਲੋਂ ਇੱਕ ਕੇਸ ਵਿੱਚ ਸੰਮਨ ਜਾਰੀ ਕਰਕੇ ਸ੍ਰੀਮਤੀ ਬੈਨਰਜੀ ਨੂੰ 8 ਜੂਨ ਨੂੰ ਈਡੀ ਦਫ਼ਤਰ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੂਜੇ ਪਾਸੇ ਰੁਜਿਰਾ ਬੈਨਰਜੀ ਦੇ ਵਕੀਲ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰੁਜਿਰਾ ਬੈਨਰਜੀ ਦੀ ਵਿਦੇਸ਼ ਯਾਤਰਾ ‘ਤੇ ਕੋਈ ਰੋਕ ਨਹੀਂ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਸ੍ਰੀਮਤੀ ਬੈਨਰਜੀ ਨੇ ਸ਼ਨਿਚਰਵਾਰ ਨੂੰ ਈਡੀ ਦਫ਼ਤਰ ਵਿੱਚ ਆਪਣੀ ਇਸ ਯਾਤਰਾ ਬਾਰੇ ਜਾਣਕਾਰੀ ਦਿੱਤੀ ਸੀ ਤੇ ਟਿਕਟਾਂ ਦੀ ਕਾਪੀ ਵੀ ਜਮ੍ਹਾਂ ਕਰਵਾਈ ਸੀ। -ਪੀਟੀਆਈ



Source link