ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੂਨ
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ ਨੂੰ 10 ਮਹੀਨੇ ਬਾਅਦ ਨਵਾਂ ਵਾਈਸ ਚਾਂਸਲਰ ਮਿਲ ਗਿਆ ਹੈ। ਪੰਜਾਬ ਦੇ ਰਾਜਪਾਲ ਤੇ ਸੂਬੇ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਚਾਂਸਲਰ ਬਨਵਾਰੀ ਲਾਲ ਪੁਰੋਹਿਤ ਨੇ ਡਾ. ਰਾਜੀਵ ਸੂਦ ਨੂੰ ਬਾਬਾ ਫਰੀਦ ਯੂਨੀਵਰਸਿਟੀ ਦਾ ਉਪ ਕੁਲਪਤੀ ਨਿਯੁਕਤ ਕੀਤਾ ਹੈ। ਡਾ. ਸੂਦ ਦੀ ਨਿਯੁਕਤੀ ਅਹੁਦਾ ਸੰਭਾਲਣ ਦੀ ਤਰੀਕ ਤੋਂ ਤਿੰਨ ਸਾਲਾਂ ਲਈ ਹੋਵੇਗੀ। ਡਾ. ਸੂਦ ਨੇ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਦਿੱਲੀ ਤੋਂ ਗ੍ਰੈਜੂਏਸ਼ਨ ਕੀਤੀ ਤੇ ਡਾ. ਰਾਮ ਮਨੋਹਰ ਲੋਹੀਆ ਹਸਪਤਾਲ ਤੇ ਪੀਜੀਐੱਮਆਈਈਆਰ, ਦਿੱਲੀ ਤੋਂ ਐੱਮਐੱਸ (ਜਨਰਲ ਸਰਜਰੀ) ਪਾਸ ਕੀਤੀ ਤੇ ਬਾਅਦ ‘ਚ ਏਮਜ਼, ਨਵੀਂ ਦਿੱਲੀ ਤੋਂ ਐੱਮਸੀਐੱਚ (ਯੂਰੋਲੋਜੀ) ਕੀਤੀ। ਉਨ੍ਹਾਂ ਕੋਲ 50 ਤੋਂ ਵੱਧ ਖੋਜ ਪ੍ਰਾਜੈਕਟ ਹਨ ਤੇ ਉਨ੍ਹਾਂ ਇਕ ਹਜ਼ਾਰ ਥੀਸਿਜ਼ ਤੇ ਯੋਜਨਾਵਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਨੇ 500 ਤੋਂ ਵੱਧ ਵਰਕਸ਼ਾਪਾਂ ਦਾ ਸੰਚਾਲਨ ਕੀਤਾ ਤੇ ਕਈ ਕੌਮਾਂਤਰੀ ਖੋਜ ਪੱਤਰ ਪ੍ਰਕਾਸ਼ਿਤ ਕੀਤੇ।
ਡਾ. ਰਾਜੀਵ ਸੂਦ ਨੂੰ ਮੈਡੀਕਲ ਖੇਤਰ ‘ਚ 40 ਸਾਲਾਂ ਦਾ ਤਜਰਬਾ ਹੈ। ਉਨ੍ਹਾਂ 26 ਸਾਲ ਪੋਸਟ ਐੱਮਸੀਐੱਚ ‘ਚ ਸੇਵਾਵਾਂ ਨਿਭਾਈ, ਜਿਸ ‘ਚ 12 ਸਾਲ ਪ੍ਰੋਫੈਸਰ ਵਜੋਂ ਸੇਵਾਵਾਂ ਸ਼ਾਮਲ ਹਨ। ਉਹ ਸਾਢੇ ਪੰਜ ਸਾਲਾਂ ਤੋਂ ਡੀ. ਪੀਜੀਆਈਐੱਮਈਆਰ, ਦਿੱਲੀ ਤੇ ਇਕ ਸਾਲ ਤੋਂ ਵੱਧ ਸਮਾਂ ਏਬੀਵੀਆਈਐੱਮਐੱਸ ਦੇ ਸੰਸਥਾਪਕ ਡੀਨ ਰਹੇ ਹਨ। ਉਹ 10 ਸਾਲਾਂ ਤੋਂ ਯੂਰੋ ਸਲਾਹਕਾਰ ਵਜੋਂ ਸੰਸਦ ਨਾਲ ਜੁੜੇ ਹੋਏ ਹਨ ਤੇ ਭਾਰਤ ਦੇ ਰਾਸ਼ਟਰਪਤੀ ਦੇ ਯੂਰੋ ਸਲਾਹਕਾਰ ਵੀ ਰਹੇ ਹਨ। ਕਰੀਬ ਦਸ ਮਹੀਨੇ ਪਹਿਲਾਂ ਡਾ. ਰਾਜ ਬਹਾਦੁਰ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਪੰਜਾਬ ਸਰਕਾਰ ਨੇ ਰਾਜਪਾਲ ਕੋਲ ਪੰਜ ਡਾਕਟਰਾਂ ਦੇ ਨਾਵਾਂ ਦਾ ਪੈਨਲ ਭੇਜਿਆ ਸੀ। ਇਸ ਪੈਨਲ ‘ਚ ਡਾ. ਰਾਕੇਸ਼ ਸਹਿਗਲ, ਪ੍ਰੋ. ਬਲਜਿੰਦਰ ਸਿੰਘ, ਡਾ. ਕੇਕੇ ਅਗਰਵਾਲ, ਪ੍ਰੋ. ਜਗਦੀਸ਼ ਚੰਦਰ ਤੇ ਡਾ. ਰਾਜੀਵ ਸੂਦ ਦਾ ਨਾਮ ਸ਼ਾਮਲ ਸੀ। ਪੰਜਾਬ ਦੇ ਰਾਜਪਾਲ ਨੇ ਪੰਜਾਂ ਵਿੱਚੋਂ ਡਾ. ਰਾਜੀਵ ਸੂਦ ਦੇ ਨਾਮ ‘ਤੇ ਮੋਹਰ ਲਗਾ ਦਿੱਤੀ ਹੈ।