ਖੇਰਸਾਨ, 8 ਜੂਨ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਅੱਜ ਖੇਰਸਾਨ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਤੇ ਪੀੜਤਾਂ ਨਾਲ ਮੁਲਾਕਾਤ ਵੀ ਕੀਤੀ। ਇਸੇ ਦੌਰਾਨ ਕਰੈਮਲਿਨ ਵੱਲੋਂ ਨਿਯੁਕਤ ਮੇਅਰ ਨੇ ਦੱਸਿਆ ਕਿ ਬੰਨ੍ਹ ਟੁੱਟਣ ਕਾਰਨ ਆਏ ਹੜ੍ਹ ਮਗਰੋਂ ਭਾਰੀ ਤਬਾਹੀ ਹੋਈ ਹੈ ਤੇ ਇੱਥੇ ਹੁਣ ਤੱਕ ਪੰਜ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਛੇੜੀ ਜੰਗ ਤੋਂ 15 ਮਹੀਨਿਆਂ ਅੰਦਰ ਕਿਸੇ ਕੁਦਰਤੀ ਸੰਕਟ ਕਾਰਨ ਹੋਈਆਂ ਮੌਤਾਂ ਬਾਰੇ ਇਹ ਪਹਿਲੀ ਅਧਿਕਾਰਤ ਰਿਪੋਰਟ ਹੈ।
ਰੂਸ ਵੱਲੋਂ ਨੋਵਾ ਕਾਖੋਵਕਾ ਦੇ ਨਿਯੁਕਤ ਕੀਤੇ ਮੇਅਰ ਵਲਾਦੀਮੀਰ ਲਿਓਨਤਯੇਵ ਨੇ ਦੱਸਿਆ ਕਿ ਹੜ੍ਹ ਆਉਣ ਮਗਰੋਂ ਦੋ ਵਿਅਕਤੀ ਲਾਪਤਾ ਵੀ ਹੋਏ ਹਨ ਤੇ ਹੋਰ ਲੋਕਾਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਛੇ ਹਜ਼ਾਰ ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ।
ਦੂਜੇ ਪਾਸੇ ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਹੜ੍ਹ ਪ੍ਰਭਾਵਿਤ ਇਲਾਕੇ ਖੇਰਸਾਨ ਪਹੁੰਚੇ ਜਿੱਥੇ ਉਹ ਬੰਨ੍ਹ ਟੁੱਟਣ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨਗੇ। ਉਨ੍ਹਾਂ ਆਪਣੇ ਟੈਲੀਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ਉਹ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀਆਂ ਕੋਸ਼ਿਸ਼ਾਂ ਦਾ ਮੁਲਾਂਕਣ ਕਰਨ ‘ਚ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੂੰ ਮਦਦ ਮੁਹੱਈਆ ਕਰਵਾਈ ਹੈ ਤੇ ਇਸ ਵੱਡੇ ਸੰਕਟ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਆਪਣੇ ਘਰ ਤੇ ਦਫਤਰ ਛੱਡਣ ਵਾਲੇ ਲੋਕਾਂ ਨੂੰ ਮੁਆਵਜ਼ਾ ਦੇਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਨਾਈਪਰ ਨਦੀ ਨੇੜੇ ਰੂਸ ਤੇ ਯੂਕਰੇਨ ਦੇ ਕੰਟਰੇਲ ਹੇਠਲੇ ਇਲਾਕਿਆਂ ‘ਚੋਂ ਘੱਟ ਤੋਂ ਘੱਟ ਚਾਰ ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। -ਪੀਟੀਆਈ