ਮੋਦੀ ਦੀ ਚੀਨ ਨੂੰ ‘ਕਲੀਨਚਿੱਟ’ ਦੀ ਭਾਰੀ ਕੀਮਤ ਤਾਰ ਰਿਹੈ ਦੇਸ਼: ਖੜਗੇ

ਮੋਦੀ ਦੀ ਚੀਨ ਨੂੰ ‘ਕਲੀਨਚਿੱਟ’ ਦੀ ਭਾਰੀ ਕੀਮਤ ਤਾਰ ਰਿਹੈ ਦੇਸ਼: ਖੜਗੇ


ਨਵੀਂ ਦਿੱਲੀ, 9 ਜੂਨ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਉਤਰਾਖੰਡ ਵਿੱਚ ਅਸਲ ਕੰਟਰੋਲ ਰੇਖਾ (ਐੱਲਏਸੀ) ਨੇੜੇ ਚੀਨ ਦੀ ਫੌਜ ਵੱਲੋਂ ਉਸਾਰੀ ਕਾਰਜ ਕੀਤੇ ਜਾਣ ਸਬੰਧੀ ਖਬਰਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ ਕਿ ਚੀਨ ਦਾ ਮੁਕਾਬਲਾ ਰਣਨੀਤਕ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਵੱਲੋਂ ਚੀਨ ਨੂੰ ‘ਕਲੀਨਚਿੱਟ’ ਦਿੱਤੇ ਜਾਣ ਦੀ ਭਾਰੀ ਕੀਮਤ ਦੇਸ਼ ਨੂੰ ਤਾਰਨੀ ਪੈ ਰਹੀ ਹੈ। ਖੜਗੇ ਨੇ ਉਤਰਾਖੰਡ ਦੀ ਸਰਹੱਦ ਨਾਲ ਅਸਲ ਕੰਟਰੋਲ ਰੇਖਾ ‘ਤੇ ਚੀਨ ਵੱਲੋਂ ਉਸਾਰੀ ਦੀਆਂ ਸੈਟੇਲਾਈਟ ਤਸਵੀਰਾਂ ਟਵਿੱਟਰ ‘ਤੇ ਸਾਂਝੀਆਂ ਕੀਤੀਆਂ।

ਉਨ੍ਹਾਂ ਕਿਹਾ,’ਅਸਲ ਕੰਟਰੋਲ ਰੇਖਾ ‘ਤੇ ਚੀਨ ਵੱਲੋਂ ਨਿਰਮਾਣ ਕਰਨ ਨਾਲ ਸਾਡੀ ਪ੍ਰਭੂਸੱਤਾ ਅਖੰਡਤਾ ‘ਤੇ ਹਮਲਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ,’ਮੋਦੀ ਜੀ ਵੱਲੋਂ ਚੀਨ ਨੂੰ ਕਲੀਨਚਿੱਟ ਦੇਣ ਦੀ ਕੀਮਤ ਦੇਸ਼ ਨੂੰ ਤਾਰਨੀ ਪੈ ਰਹੀ ਹੈ। ਚੀਨ ਦਾ ਮੁਕਾਬਲਾ ਇਕਜੁੱਟ ਹੋ ਕੇ ਰਣਨੀਤਕ ਢੰਗ ਨਾਲ ਕੀਤਾ ਜਾਣਾ ਚਾਹੀਦਾ ਹੈ, ਨਾ ਕਿ ਸ਼ੇਖੀ ਮਾਰ ਕੇ।’ ਕਾਂਗਰਸ ਵੱਲੋਂ ਸਰਕਾਰ ਦੀ ਚੀਨ ਨਾਲ ਨੀਤੀ ਬਾਰੇ ਹਮਲਾ ਕੀਤਾ ਜਾ ਰਿਹਾ ਹੈ। ਵਿਰੋਧੀ ਪਾਰਟੀ ਨੇ ਕਿਹਾ ਕਿ ਉਹ ਪੇਈਚਿੰਗ ਦਾ ਮੁਕਾਬਲਾ ਕਿਉਂ ਨਹੀਂ ਕਰਦੀ। -ਪੀਟੀਆਈ

ਸੇਂਗੋਲ ਮਸਲਾ: ਭਾਜਪਾ ਦੀ ‘ਫ਼ਰਜ਼ੀ ਫੈਕਟਰੀ’ ਦੇ ਸਟੈਂਡ ਤੋਂ ਪਰਦਾ ਉੱਠਿਆ

ਨਵੀਂ ਦਿੱਲੀ, 9 ਜੂਨ

ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਤਾਮਿਲ ਨਾਡੂ ਅਧਾਰਿਤ ਧਾਰਮਿਕ ਜਥੇਬੰਦੀ ਦੇ ਮੁਖੀ ਵੱਲੋਂ ਦਿੱਤੀ ਇੰਟਰਵਿਊ ਦੇ ਹਵਾਲੇ ਨਾਲ ਕਿਹਾ ਕਿ ਭਾਜਪਾ ਵੱਲੋਂ ‘ਸੇਂਗੋਲ’ ਨੂੰ ਬਰਤਾਨਵੀ ਸ਼ਾਸਕਾਂ ਤੋਂ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੂੰ ਸੱੱਤਾ ਦੇ ਤਬਾਦਲੇ ਦਾ ਪ੍ਰਤੀਕ ਦੱਸਣ ਦੇ ਦਾਅਵਿਆਂ ਦੀ ਪੋਲ ਖੁੱਲ੍ਹ ਗਈ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਦੀ ‘ਫੇਕ ਫੈਕਟਰੀ’ ਵੱਲੋਂ ਲਏ ਸਟੈਂਡ ਤੋਂ ਪਰਦਾ ਚੁੱਕਿਆ ਗਿਆ ਹੈ। ਰਮੇਸ਼ ਨੇ ਇਕ ਰੋਜ਼ਨਾਮਚੇ ‘ਚ ਛਪੀ ਇੰਟਰਵਿਊ ਵਿੱਚ ਤਿਰੂਵਾਵਾਦੂਤੁਰਾਈ ਅਧਿਨਾਮ ਦੇ ਮੁਖੀ ਸਵਾਮੀਗਲ ਦੇ ਹਵਾਲੇ ਨਾਲ ਕਿਹਾ ਕਿ ਸੇਂਗੋਲ ਨਹਿਰੂ ਨੂੰ ਸੌਂਪੇ ਜਾਣ ਮੌਕੇ ਲਾਰਡ ਮਾਊਂਟਬੈਟਨ ਜਾਂ ਸੀ.ਰਾਜਾਗੋਪਾਲਾਚਾਰੀ ਵਿਚੋਂ ਕੋਈ ਵੀ ਉਥੇ ਮੌਜੂਦ ਨਹੀਂ ਸੀ। ਨਹਿਰੂ ਨੂੰ ਰਸਮੀ ਰਾਜਦੰਡ 14 ਅਗਸਤ 1947 ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਰਾਤ 10 ਵਜੇ ਦਿੱਤਾ ਗਿਆ ਸੀ। ਪਿਛਲੇ ਮਹੀਨੇ ਨਵੇਂ ਸੰਸਦ ਭਵਨ ਦੇ ਉਦਘਾਟਨ ਤੇ ਲੋਕ ਸਭਾ ਵਿੱਚ ‘ਸੇਂਗੋਲ’ ਸਥਾਪਿਤ ਕੀਤੇ ਜਾਣ ਤੋਂ ਪਹਿਲਾਂ ਭਾਜਪਾ ਨੇ ਦਾਅਵਾ ਕੀਤਾ ਸੀ ਕਿ ਕਾਂਗਰਸ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੂੰ ਮਿਲੇ ਪਵਿੱਤਰ ਸੇਂਗੋਲ ਨੂੰ ‘ਤੋਹਫ਼ੇ ਵਿਚ ਮਿਲੀ ਸੋਨੇ ਦੀ ਛੜੀ’ ਦੱਸ ਕੇ ਤੇ ਮਗਰੋਂ ਇਸ ਨੂੰ ਅਜਾਇਬਘਰ ਵਿੱਚ ਰੱਖ ਕੇ ਹਿੰਦੂ ਰਵਾਇਤਾਂ ਦਾ ਨਿਰਾਦਰ ਕੀਤਾ ਹੈ। ਰਮੇਸ਼ ਨੇ ਉਦੋਂ ਵੀ ਦਾਅਵਾ ਕੀਤਾ ਸੀ ਕਿ ਮਾਊਂਟਬੈਟਨ, ਰਾਜਾਗੋਪਾਲਾਚਾਰੀ ਤੇ ਨਹਿਰੂ ਵੱਲੋਂ ‘ਸੇਂਗੋਲ’ ਨੂੰ ਸੱਤਾ ਤਬਦੀਲੀ ਦਾ ਪ੍ਰਤੀਕ ਦੱਸਣ ਬਾਰੇ ਕੋਈ ਦਸਤਾਵੇਜ਼ੀ ਸਬੂਤ ਨਹੀਂ ਹੈ। -ਪੀਟੀਆਈ



Source link