ਪੱਤਰ ਪ੍ਰੇਰਕ
ਬਸੀ ਪਠਾਣਾਂ, 11 ਜੂਨ
ਤਰਕਸ਼ੀਲ ਸੁਸਾਇਟੀ ਬਸੀ ਪਠਾਣਾਂ ਇਕਾਈ ਦੇ ਵਿੱਤ ਮੁਖੀ ਅਤੇ ਪੰਜਾਬ ਪੁਲੀਸ ਦੇ ਸੇਵਾਮੁਕਤ ਸਬ ਇੰਸਪੈਕਟਰ ਕੁਲਵੰਤ ਸਿੰਘ, ਉਨ੍ਹਾਂ ਦੀ ਪਤਨੀ ਗੁਰਮੇਲ ਕੌਰ ਅਤੇ ਉਨ੍ਹਾਂ ਦੀ ਭੈਣ ਸਤਵਿੰਦਰ ਕੌਰ ਨੇ ਮਰਨ ਉਪਰੰਤ ਆਪਣਾ ਸਰੀਰ ਦਾਨ ਕਰਨ ਦਾ ਫੈਸਲਾ ਲਿਆ ਹੈ। ਇਸ ਮੰਤਵ ਲਈ ਉਨ੍ਹਾਂ ਨੇ ਆਪਣੇ ਪੁੱਤਰ ਸ਼ਰਨਦੀਪ ਸਿੰਘ ਅਤੇ ਨੂੰਹ ਇੰਦਰਜੀਤ ਕੌਰ ਦੀ ਹਾਜ਼ਰੀ ਵਿੱਚ ਆਪਣੇ ਸਰੀਰ ਪੀਜੀਆਈ ਚੰਡੀਗੜ੍ਹ ਨੂੰ ਦਾਨ ਕਰਨ ਲਈ ਫਾਰਮ ਭਰੇ। ਇਸ ਮੌਕੇ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਨਸਿਕ ਸਿਹਤ ਵਿੰਗ ਦੇ ਸੂਬਾਈ ਮੁਖੀ ਅਜੀਤ ਪ੍ਰਦੇਸੀ ਅਤੇ ਬਸੀ ਪਠਾਣਾਂ ਇਕਾਈ ਤੋਂ ਮੇਹਰ ਸਿੰਘ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਸਾਬਕਾ ਏਜੀਐੱਮ ਹਰਨੇਕ ਸਿੰਘ ਵੀ ਹਾਜ਼ਰ ਸਨ।
ਅਜੀਤ ਪ੍ਰਦੇਸੀ ਨੇ ਕਿਹਾ ਕਿ ਮਰਨ ਉਪਰੰਤ ਸਰੀਰ ਦਾਨ ਕਰਨਾ ਮਾਨਵਤਾ ਦੀ ਭਲਾਈ ਲਈ ਮਹਾਨ ਯੋਗਦਾਨ ਹੈ ਜਿਹੜਾ ਕਿ ਮੈਡੀਕਲ ਦੇ ਵਿਦਿਆਰਥੀਆਂ ਦੇ ਖੋਜ ਕਾਰਜਾਂ ਵਿੱਚ ਸਹਾਇਕ ਹੁੰਦਾ ਹੈ। ਸਰੀਰ ਦਾਨ ਕਰਨ ਵਾਲੇ ਵਿਅਕਤੀ ਨੂੰ ਅੰਦਰੂਨੀ ਸੰਤੁਸ਼ਟੀ ਮਿਲਦੀ ਹੈ ਕਿ ਉਸ ਦਾ ਸਰੀਰ ਮਰਨ ਤੋਂ ਬਾਅਦ ਵੀ ਮਾਨਵਤਾ ਦੀ ਭਲਾਈ ਵਿੱਚ ਕੰਮ ਆਵੇਗਾ। ਇਸ ਤੋਂ ਇਲਾਵਾ ਲੱਕੜ ਅਤੇ ਦਰੱਖਤਾਂ ਦੀ ਕਟਾਈ ਵੀ ਬੱਚਦੀ ਹੈ ਅਤੇ ਪ੍ਰਦੂਸ਼ਣ ਵੀ ਨਹੀਂ ਫੈਲਦਾ।