ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 15 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਸਿੱਖਾਂ ਦਾ ਉੱਚ ਪੱਧਰੀ ਵਫ਼ਦ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਪੁੱਜਾ, ਜਿਥੇ ਪੰਜਾਬੀ ਲੇਨ ਬੜਾ ਬਜ਼ਾਰ ਵਿਚੋਂ ਸਿੱਖਾਂ ਨੂੰ ਤਬਦੀਲ ਕਰਨ ਦੇ ਮਾਮਲੇ ‘ਤੇ ਮੇਘਾਲਿਆ ਸਰਕਾਰ ਨਾਲ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਮਗਰੋਂ ਸ੍ਰੀ ਕਾਹਲੋਂ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਵਫਦ ਵਿਚ ਵਕੀਲ ਰਿਤੇਸ਼ ਖੱਤਰੀ, ਹਰੀਜਨ ਪੰਚਾਇਤ ਦੇ ਪ੍ਰਧਾਨ ਗੁਰਜੀਤ ਸਿੰਘ, ਲੁਧਿਆਣਾ ਤੋਂ ਜਗਮੋਹਨ ਸਿੰਘ ਅਤੇ ਰੋਹਿਤ ਸਿੰਘ ਸ਼ਾਮਲ ਸਨ, ਜਦੋਂ ਕਿ ਮੇਘਾਲਿਆ ਸਰਕਾਰ ਵੱਲੋਂ ਦੋਵੇਂ ਉਪ ਮੁੱਖ ਮੰਤਰੀ ਪ੍ਰਿਸਟੀਨ ਤੇਂਗਸੋਂਗ ਅਤੇ ਸਨੀਆਬਲਾਂਗ ਧਾਰ ਸਨ। ਇਸ ਮਾਮਲੇ ਵਿਚ ਮੇਘਾਲਿਆ ਹਾਈ ਕੋਰਟ ਨੇ ਸਟੇਅ ਲਗਾਇਆ ਹੋਇਆ ਹੈ। ਮੀਟਿੰਗ ਵਿਚ ਪੰਜਾਬੀ ਲੇਨ ਬੜਾ ਬਜ਼ਾਰ ਵਿਚੋਂ ਪੰਜਾਬੀਆਂ ਤੇ ਸਿੱਖਾਂ ਨੂੰ ਤਬਦੀਲੀ ਕਰਨ ਦੀ ਯੋਜਨਾ ਬਾਰੇ ਵਿਸਥਾਰ ਵਿਚ ਵਿਚਾਰ ਵਟਾਂਦਰਾ ਹੋਇਆ। ਦੋਵਾਂ ਪਾਸਿਆਂ ਵਿਚ ਬਹੁਤ ਹੀ ਚੰਗੇ ਮਾਹੌਲ ਵਿਚ ਗੱਲਬਾਤ ਹੋਈ ਅਤੇ ਦੋਵਾਂ ਉਪ ਮੁੱਖ ਮੰਤਰੀਆਂ ਨੇ ਵਫਦ ਗੱਲ ‘ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੇ ਹਿੱਤਾਂ ਵਾਸਤੇ ਦੇਸ਼ ਵਿਦੇਸ਼ ਵਿਚ ਕਿਸੇ ਵੀ ਥਾਂ ‘ਤੇ ਹਮੇਸ਼ਾ ਸੰਘਰਸ਼ ਲਈ ਤਿਆਰ ਹੈ। ਜੋ ਮਾਮਲਾ ਧਿਆਨ ਵਿਚ ਲਿਆਂਦਾ ਜਾਂਦਾ ਹੈ ਤਾਂ ਤੁਰੰਤ ਕਾਰਵਾਈ ਕਰਦੇ ਹਾਂ। ਸ਼ਿਲਾਂਗ ਦੇ ਸਿੱਖਾਂ ਦੇ ਮਾਮਲੇ ਦੀ ਜਿਥੇ ਅਦਾਲਤਾਂ ਵਿਚ ਪੈਰਵੀ ਕਰ ਰਹੇ ਹਾਂ, ਉਥੇ ਹੀ ਸਰਕਾਰ ਨਾਲ ਵੀ ਰਾਬਤਾ ਕਾਇਮ ਕੀਤਾ ਹੋਇਆ ਹੈ।