ਵਾਸ਼ਿੰਗਟਨ, 16 ਜੂਨ
ਬਾਇਡਨ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਫੇਰੀ ਤੋਂ ਪਹਿਲਾਂ ਇਥੇ ਅਮਰੀਕਾ ਵਿੱਚ ਕੰਮ ਕਰਨ ਤੇ ਠਹਿਰਾਅ ਲਈ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਪਰਵਾਸੀਆਂ ਨੂੰ ਯੋਗਤਾ ਨੇਮਾਂ ਵਿੱਚ ਛੋਟ ਦਿੱਤੀ ਹੈ। ਅਮਰੀਕੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਸਿਜ਼ (ਯੂਐੱਸਸੀਆਈਐੱਸ) ਨੇ ਯੋਗਤਾ ਮਾਪਦੰਡਾਂ ਵਿੱਚ ਛੋਟ ਸਬੰਧੀ ਪਾਲਿਸੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਮਰੀਕੀ ਸਦਰ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ‘ਤੇ ਪ੍ਰਧਾਨ ਮੰਤਰੀ ਮੋਦੀ 21 ਤੋਂ 24 ਜੂਨ ਲਈ ਅਮਰੀਕਾ ਦੇ ਸਰਕਾਰੀ ਦੌਰੇ ‘ਤੇ ਆ ਰਹੇ ਹਨ। ਬਾਇਡਨ ਜੋੜੀ 22 ਜੂਨ ਨੂੰ ਸ੍ਰੀ ਮੋਦੀ ਲਈ ਰਾਤ ਦੀ ਦਾਅਵਤ ਦੀ ਮੇਜ਼ਬਾਨੀ ਕਰੇਗੀ। ਸ੍ਰੀ ਮੋਦੀ ਇਸੇ ਦਿਨ ਅਮਰੀਕੀ ਸੰਸਦ ਦੇ ਸਾਂਝੇ ਇਜਲਾਸ ਨੂੰ ਵੀ ਸੰਬੋਧਨ ਕਰਨਗੇ। ਗ੍ਰੀਨ ਕਾਰਡ, ਜਿਸ ਨੂੰ ਅਧਿਕਾਰਤ ਤੌਰ ‘ਤੇ ਸਥਾਈ ਰੈਜ਼ੀਡੈਂਟ ਕਾਰਡ ਵੀ ਕਿਹਾ ਜਾਂਦਾ ਹੈ, ਅਮਰੀਕਾ ਆਉਣ ਵਾਲੇ ਪਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਦਸਤਾਵੇਜ਼ ਹੈ, ਜੋ ਮੁਲਕ ਵਿੱਚ ਸਥਾਈ ਤੌਰ ‘ਤੇ ਰਹਿਣ ਦੀ ਅਧਿਕਾਰਤ ਗਾਰੰਟੀ ਹੈ। ਅਮਰੀਕਾ ਦਾ ਪਰਵਾਸ ਕਾਨੂੰਨ ਹਰ ਸਾਲ ਅੰਦਾਜ਼ਨ 1,40,000 ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਹਾਲਾਂਕਿ ਇਨ੍ਹਾਂ ਗ੍ਰੀਨ ਕਾਰਡਾਂ ਵਿੱਚੋਂ ਸੱਤ ਫੀਸਦ ਹੀ ਕਿਸੇ ਇਕ ਮੁਲਕ ਦੇ ਵਿਅਕਤੀ ਵਿਸ਼ੇਸ਼ ਨੂੰ ਜਾਰੀ ਕੀਤੇ ਜਾ ਸਕਦੇ ਹਨ। ਫਾਊਂਡੇਸ਼ਨ ਆਫ਼ ਇੰਡੀਆ ਤੇ ਇੰਡੀਅਨ ਡਾਇਸਪੋਰਾ ਸਟੱਡੀਜ਼ (ਐੱਫਆਈਆਈਡੀਐੱਸ) ਨੇ ਯੋਗਤਾ ਮਾਪਦੰਡਾਂ ‘ਚ ਛੋਟ ਲਈ ਯੂਐੱਸਸੀਆਈਐੱਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪੇਸ਼ਕਦਮੀ ਨਾਲ ਵੱਡੀ ਗਿਣਤੀ ਭਾਰਤੀ ਆਈਟੀ ਪੇਸ਼ੇਵਰਾਂ ਨੂੰ ਮਦਦ ਮਿਲੇਗੀ। -ਪੀਟੀਆਈ