ਜਗਮੋਹਨ ਸਿੰਘ
ਰੂਪਨਗਰ, 19 ਜੂਨ
ਉਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿੱਚ ਬੀਤੀ ਰਾਤ ਗੁਰਦੁਆਰਾ ਰੀਠਾ ਸਾਹਿਬ ਦੇ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਪਲਟ ਗਈ। ਇਸ ਦੌਰਾਨ ਰੂਪਨਗਰ ਤੇ ਮੁਹਾਲੀ ਜ਼ਿਲ੍ਹਿਆਂ ਦੇ 25 ਸ਼ਰਧਾਲੂ ਜ਼ਖ਼ਮੀ ਹੋ ਗਏ। ਇਨ੍ਹਾਂ ‘ਚੋਂ 18 ਨੂੰ ਚੰਪਾਵਤ ਹਸਪਤਾਲ ਦਾਖਲ ਕਰਵਾਇਆ ਗਿਆ ਹੈ। 5 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਦਾ ਇਲਾਜ ਐੱਸਟੀਐੱਚ ਹਲਦੁਆਨੀ ‘ਚ ਚੱਲ ਰਿਹਾ ਹੈ ਜਦਕਿ ਦੋ ਨੂੰ ਬਰੇਲੀ ਰੈਫ਼ਰ ਕੀਤਾ ਗਿਆ ਹੈ। ਹਾਦਸੇ ਦੌਰਾਨ ਸੁਰੱਖਿਅਤ ਬਚੇ ਸ਼ਰਧਾਲੂਆਂ ਨੂੰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਰੈਣ ਬਸੇਰਾ ਗੌਰਲਚੌੜ ਵਿੱਚ ਠਹਿਰਾਇਆ ਹੈ।
ਪਿੰਡ ਹਿਰਦਾਪੁਰ ਦੇ ਸਾਬਕਾ ਸਰਪੰਚ ਅਮਰਜੀਤ ਸਿੰਘ ਅਤੇ ਪਿੰਡ ਪੁਰਖਾਲੀ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਫੋਨ ‘ਤੇ ਦੱਸਿਆ ਕਿ 16 ਜੂਨ ਨੂੰ ਰੂਪਨਗਰ ਜ਼ਿਲ੍ਹੇ ਦੇ ਘਾੜ ਇਲਾਕੇ ਦੇ ਪਿੰਡ ਹਿਰਦਾਪੁਰ ਤੋਂ ਲਗਪਗ 50 ਸ਼ਰਧਾਲੂਆਂ ਦਾ ਜਥਾ ਉਨ੍ਹਾਂ ਦੀ ਅਗਵਾਈ ਹੇਠ ਵੱਖ-ਵੱਖ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਇਆ ਸੀ। ਉਨ੍ਹਾਂ ਨੇ ਗੁਰਧਾਮਾਂ ਦੇ ਦਰਸ਼ਨ ਕਰਨ ਮਗਰੋਂ 25 ਜੂਨ ਨੂੰ ਪਰਤਣਾ ਸੀ। ਇਸੇ ਦੌਰਾਨ ਬੀਤੀ ਰਾਤ ਜਦੋਂ ਉਹ ਗੁਰਦੁਆਰਾ ਸ੍ਰੀ ਰੀਠਾ ਸਾਹਿਬ ਦੇ ਦਰਸ਼ਨ ਕਰ ਕੇ ਪਰਤ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀ ਬੱਸ ਦੀਆਂ ਅਚਾਨਕ ਬਰੇਕਾਂ ਫੇਲ੍ਹ ਹੋਣ ਕਾਰਨ ਹਾਦਸਾ ਵਾਪਰ ਗਿਆ। ਇਸ ਦੌਰਾਨ 25 ਸ਼ਰਧਾਲੂ ਜ਼ਖ਼ਮੀ ਹੋ ਗਏ।
ਉਨ੍ਹਾਂ ਦੱਸਿਆ ਕਿ 18 ਸ਼ਰਧਾਲੂ ਨਛੱਤਰ ਸਿੰਘ (67), ਸੁਰਿੰਦਰ ਕੌਰ (69), ਕੁਲਦੀਪ ਕੌਰ (70), ਹਰਬੰਸ ਕੌਰ ਵਾਸੀ ਹਿਰਦਾਪੁਰ (70), ਹਰਮੇਸ਼ ਕੌਰ ਰਡਿਆਲਾ ਵਾਸੀ ਮੁਹਾਲੀ (40) ਨਵਦੀਪ (11), ਨਵਜੋਤ ਕੌਰ (12), ਦਰਸ਼ਨ ਸਿੰਘ (60), ਦਿਲਪ੍ਰੀਤ ਸਿੰਘ (13), ਬੰਤਾ ਸਿੰਘ ਬਰਦਾਰ (65), ਸ਼ਕੁੰਤਲਾ ਦੇਵੀ (64), ਰਛਪਾਲ ਕੌਰ ਹਿਰਦਾਪੁਰ (46), ਬਿਮਲਾ ਦੇਵੀ (65), ਹਰਵੀਰ ਸਿੰਘ (72), ਕਮਲੇਸ਼ ਕੌਰ ਹਿਰਦਾਪੁਰ (65), ਮਨਜੀਤ ਸਿੰਘ (35), ਬਲਰਾਮ ਸਿੰਘ (28) ਤੇ ਨਛੱਤਰ ਸਿੰਘ (55) ਦਾ ਜ਼ਿਲ੍ਹਾ ਹਸਪਤਾਲ ਚੰਪਾਵਤ ਵਿੱਚ ਇਲਾਜ ਚੱਲ ਰਿਹਾ ਹੈ।
ਇਸੇ ਤਰ੍ਹਾਂ ਪੰਜ ਯਾਤਰੂਆਂ ਲਵਪ੍ਰੀਤ ਕੌਰ ਬਿਲਾਵਲਪੁਰ (15), ਜਰਨੈਲ ਕੌਰ ਹਿਰਦਾਪੁਰ (65), ਸ਼ਰਨਪ੍ਰੀਤ ਕੌਰ ਮਾਨੂੰਪੁਰ (5 ਮਹੀਨੇ), ਕੁਲਵੰਤ ਕੌਰ (53) ਤੇ ਅਗਮਜੋਤ ਸਿੰਘ ਹਿਰਦਾਪੁਰ (11) ਦੀ ਹਾਲਤ ਗੰਭੀਰ ਹੋਣ ਕਾਰਨ ਇਲਾਜ ਲਈ ਸੁਸ਼ੀਲਾ ਤਿਵਾੜੀ ਹਸਪਤਾਲ ਹਲਦੁਆਨੀ ਭੇਜਿਆ ਗਿਆ ਹੈ। ਉਧਰ ਮਨਜੀਤ ਕੌਰ (65) ਤੇ ਗੁਰਦੇਵ ਸਿੰਘ (70) ਨੂੰ ਬਰੇਲੀ ਰੈਫਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ, ਸਥਾਨਕ ਪੁਲੀਸ ਅਤੇ ਸਥਾਨਕ ਲੋਕਾਂ ਵੱਲੋਂ ਉਨ੍ਹਾਂ ਦੀ ਪੂਰੀ ਮਦਦ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਬੱਚੀ ਲਵਪ੍ਰੀਤ ਕੌਰ ਦੀ ਬਾਂਹ ਕੱਟੀ ਗਈ ਹੈ ਅਤੇ ਯਾਤਰਾ ਦੇ ਮੁੱਖ ਪ੍ਰਬੰਧਕ ਅਮਰਜੀਤ ਸਿੰਘ ਦੇ ਭਤੀਜੇ ਅਗਮਜੋਤ ਸਿੰਘ ਦੀ ਲੱਤ ਟੁੱਟ ਗਈ ਹੈ। 18 ਜ਼ਖਮੀਆਂ ਨੂੰ ਭਲਕੇ ਹਸਪਤਾਲ ਤੋਂ ਛੁੱਟੀ ਮਿਲਣ ਦੇ ਆਸਾਰ ਹਨ।