ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 23 ਜੂਨ
ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਅਤੇ ਇਤਿਹਾਸਿਕ ਤੇ ਵਿਰਾਸਤੀ ਥਾਵਾਂ ਦੇ ਵਿਕਾਸ ਲਈ ਯੋਜਨਾ ਉਲੀਕੀ ਗਈ ਹੈ ਤਾਂ ਕਿ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਸੈਲਾਨੀ ਆਕਰਸ਼ਿਤ ਹੋ ਸਕਣ। ਇਹ ਗੱਲਾਂ ਕੈਬਨਿਟ ਮੰਤਰੀ (ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ) ਅਨਮੋਲ ਗਗਨ ਮਾਨ ਨੇ ਅੱਜ ਆਪਣੀ ਫ਼ਿਰੋਜ਼ਪੁਰ ਫ਼ੇਰੀ ਦੌਰਾਨ ਕਹੀਆਂ। ਉਨ੍ਹਾਂ ਸ਼ਹੀਦੀ ਸਮਾਰਕ ਹੁਸੈਨੀਵਾਲਾ ਵਿਚ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਇਤਿਹਾਸਕ ਗੁਰਦੁਆਰਾ ਸਾਰਾਗੜ੍ਹੀ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਫਿਰੋਜ਼ਪੁਰ ਨੂੰ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ ਤੇ ਐਂਗਲੋ ਸਿੱਖ ਵਾਰ ਮੈਮੋਰੀਅਲ ਸਮੇਤ ਹੋਰ ਸਥਾਨਕ ਯਾਦਗਾਰਾਂ ਨੂੰ ਐਂਗਲੋ ਸਿੱਖ ਵਾਰ ਸਰਕਟ ਪੰਜਾਬ ਤਹਿਤ ਨਵਿਆਇਆ ਜਾ ਰਿਹਾ ਹੈ, ਜਿਸ ਤਹਿਤ 15.5 ਕਰੋੜ ਰੁਪਏ ਦੀ ਰਾਸ਼ੀ ਖਰਚ ਕੀਤੀ ਜਾਵੇਗੀ ਤੇ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚ ਮੁੱਦਕੀ ਮੈਮੋਰੀਅਲ, ਸਭਰਾਉਂ, ਮਿਸ਼ਰੀਵਾਲਾ ਅਤੇ ਅਲੀਵਾਲ ਮੈਮੋਰੀਅਲ (ਲੁਧਿਆਣਾ) ਨੂੰ ਵੀ ਸ਼ਾਮਲ ਕੀਤਾ ਗਿਆ ਹੈ।