ਖੜਗੇ ਵੱਲੋਂ ਜਰਮਨ ਰਾਜਦੂਤ ਤੇ ਆਸਟਰੇਲਿਆਈ ਹਾਈ ਕਮਿਸ਼ਨਰ ਨਾਲ ਮੁਲਾਕਾਤ

ਖੜਗੇ ਵੱਲੋਂ ਜਰਮਨ ਰਾਜਦੂਤ ਤੇ ਆਸਟਰੇਲਿਆਈ ਹਾਈ ਕਮਿਸ਼ਨਰ ਨਾਲ ਮੁਲਾਕਾਤ


ਨਵੀਂ ਦਿੱਲੀ, 29 ਜੂਨ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਭਾਰਤ ਵਿੱਚ ਜਰਮਨ ਰਾਜਦੂਤ ਫਿਲਿਪ ਐਕਰਮੈਨ ਅਤੇ ਆਸਟਰੇਲਿਆਈ ਹਾਈ ਕਮਿਸ਼ਨਰ ਬੈਰੀ ਓ’ਫੈਰੇਲ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਇੱਥੇ ਖੜਗੇ ਦੀ ਰਿਹਾਇਸ਼ ਰਾਜਾਜੀ ਮਾਰਗ ‘ਤੇ ਹੋਈ ਅਤੇ ਇਸ ਦੌਰਾਨ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਸਬੰਧਾਂ ਨੂੰ ਮਜ਼ਬੂਤ ਬਣਾਉਣ ਦੇ ਤਰੀਕਿਆਂ ‘ਤੇ ਚਰਚਾ ਕੀਤੀ ਗਈ। ਖੜਗੇ ਨੇ ਬਾਅਦ ਵਿੱਚ ਇਨ੍ਹਾਂ ਮੀਟਿੰਗਾਂ ਦੀਆਂ ਤਸਵੀਰਾਂ ਟਵੀਟ ਕਰਦਿਆਂ ਕਿਹਾ ਕਿ ਭਾਰਤ ਜਰਮਨੀ ਨਾਲ ਕੂਟਨੀਤਕ ਸਬੰਧ ਸਥਾਪਤ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ।

ਆਸਟਰੇਲੀਆ ਦੇ ਭਾਰਤ ‘ਚ ਹਾਈ ਕਮਿਸ਼ਨਰ ਬੈਰੀ ਓ ਫੈਰੇਲ ਨੂੰ ਕਿਤਾਬ ਭੇਟ ਕਰਦੇ ਹੋਏ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ। -ਫੋਟੋਆਂ: ਪੀਟੀਆਈ

ਉਨ੍ਹਾਂ ਕਿਹਾ ਕਿ ਅੱਜ ਜਰਮਨੀ ਦੁਵੱਲੇ ਅਤੇ ਆਲਮੀ ਸੰਦਰਭ ਵਿੱਚ ਭਾਰਤ ਦੇ ਸਭ ਤੋਂ ਮਹੱਤਵਪੂਰਨ ਭਾਈਵਾਲਾਂ ਵਿੱਚੋਂ ਇੱਕ ਹੈ। ਉਨ੍ਹਾਂ ਟਵੀਟ ਕੀਤਾ, ”ਭਾਰਤ ਵਿੱਚ ਜਰਮਨੀ ਦੇ ਰਾਜਦੂਤ ਮਾਣਯੋਗ ਡਾ. ਫਿਲਿਪ ਐਕਰਮੈਨ ਨਾਲ ਮੁਲਾਕਾਤ ਕੀਤੀ ਅਤੇ ਉੱਚ ਪੱਧਰੀ ਭਰੋਸੇ ਅਤੇ ਆਪਸੀ ਸਨਮਾਨ ਤਹਿਤ ਸਾਂਝੇ ਲੋਕਤੰਤਰਿਕ ਸਿਧਾਂਤਾਂ ‘ਤੇ ਆਧਾਰਿਤ ਡੂੰਘੀ ਰਣਨੀਤਕ ਭਾਈਵਾਲੀ ਬਾਰੇ ਵਿਚਾਰ-ਵਟਾਂਦਰਾ ਕੀਤਾ।” ਖੜਗੇ ਨੇ ਇੱਕ ਹੋਰ ਟਵੀਟ ਵਿੱਚ ਕਿਹਾ, ”ਭਾਰਤ ਤੇ ਆਸਟਰੇਲੀਆ ਵਿਚਕਾਰ ਕਈ ਸਮਾਨਤਾਵਾਂ ਹਨ, ਜੋ ਨਜ਼ਦੀਕੀ ਸਹਿਯੋਗ ਅਤੇ ਬਹੁਪੱਖੀ ਸਬੰਧਾਂ ਦੀ ਨੀਂਹ ਵਜੋਂ ਕੰਮ ਕਰਦੀਆਂ ਹਨ। ਸਾਡੀ ਰਣਨੀਤਕ ਭਾਈਵਾਲੀ ਮਜ਼ਬੂਤੀ ਨਾਲ ਅੱਗੇ ਵਧੀ ਹੈ।” ਖੜਗੇ ਨੇ ਕਿਹਾ, ”ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਮਾਣਯੋਗ ਬੈਰੀ ਓ’ਫੈਰੇਲ ਨੇ ਮੇਰੇ ਨਾਲ ਮੁਲਾਕਾਤ ਕੀਤੀ ਤੇ ਅਸੀਂ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।” -ਪੀਟੀਆਈ



Source link