ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਝਿੰਜਰ ਨੇ ਸਾਥੀਆਂ ਸਮੇਤ ਤਖ਼ਤ ਕੇਸਗੜ੍ਹ ਸਾਹਿਬ ’ਚ ਮੱਥਾ ਟੇਕਿਆ

ਯੂਥ ਅਕਾਲੀ ਦਲ ਦੇ ਸੂਬਾ ਪ੍ਰਧਾਨ ਝਿੰਜਰ ਨੇ ਸਾਥੀਆਂ ਸਮੇਤ ਤਖ਼ਤ ਕੇਸਗੜ੍ਹ ਸਾਹਿਬ ’ਚ ਮੱਥਾ ਟੇਕਿਆ


ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 30 ਜੂਨ

ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਨਵੇਂ ਸੂਬਾ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅੱਜ ਵੱਡੀ ਗਿਣਤੀ ਸਮਰਥਕਾਂ ਦੇ ਨਾਲ ਤਖ਼ਤ ਕੇਸਗੜ੍ਹ ਸਾਹਿਬ ਨਤਮਸਤਕ ਹੋਣ ਪੁੱਜੇ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਗੁਰਦੁਆਰਾ ਸਾਹਿਬ ਮੱਥਾ ਟੇਕਣ ਉਪਰੰਤ ਡਾ. ਦਲਜੀਤ ਸਿੰਘ ਚੀਮਾ ਅਤੇ ਸਰਬਜੀਤ ਝਿੰਜਰ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ। ਸ੍ਰੀ ਝਿੰਜਰ ਨੇ ਕਿਹਾ ਕਿ ਪਾਰਟੀ ਵੱਲੋਂ ਵੱਡੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਅੱਜ ਉਹ ਗੁਰੂ ਚਰਨਾਂ ‘ਚ ਨਤਮਸਤਕ ਹੋਏ ਹਨ।

ਉਹ ਜਲਦ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਮੀਟਿੰਗ ਕਰਨ ਉਪਰੰਤ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ ਅਤੇ ਵੱਧ ਤੋਂ ਵੱਧ ਨੌਜਵਾਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਨ ਲਈ ਪ੍ਰੇਰਿਤ ਕਰਨਗੇ। ਅਕਾਲੀ ਦਲ ਦਾ 100 ਸਾਲ ਦਾ ਸ਼ਾਨਾਮੱਤਾ ਇਤਿਹਾਸ ਹੈ ਤੇ ਪਾਰਟੀ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰਹੀ ਹੈ। ਉਨ੍ਹਾਂ ਸੂਬਾ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਝੂਠ ਦੀ ਬੁਨਿਆਦ ‘ਤੇ ਸਰਕਾਰ ਬਣਾਈ ਗਈ ਪਰ ਝੂਠ ਜ਼ਿਆਦਾ ਦੇਰ ਨਹੀਂ ਚੱਲਦਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਹੜੀ ਸਬੰਧੀ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਵੱਲੋਂ ਬਖਸ਼ੇ ਕਕਾਰਾਂ ਦਾ ਮਜ਼ਾਕ ਉਡਾਉਣਾ ਮੁੱਖ ਮੰਤਰੀ ਦੀ ਸੋੜੀ ਮਾਨਸਿਕਤਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਇੱਕਜੁੱਟ ਹੋ ਕੇ ਇਸ ਬਿਆਨ ਲਈ ਮੁੱਖ ਮੰਤਰੀ ਦੀ ਵਿਰੋਧਤਾ ਕਰਨੀ ਚਾਹੀਦੀ ਹੈ।

ਉਧਰ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ਵਿੱਚ ਕਾਨੂੰਨ ਵਿਵਸਥਾ ਬਰਕਰਾਰ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਸੂਬੇ ਤੋ ਸਨਅਤ ਭੱਜ ਰਹੀ ਹੈ। ਵਿਸ਼ਵ ਕੱਪ ਕ੍ਰਿਕਟ ਦਾ ਕੋਈ ਮੈਚ ਮੁਹਾਲੀ ਸਟੇਡੀਅਮ ਵਿਚ ਨਾ ਹੋਣਾ ਸ਼ਰਮਨਾਕ ਹੈ ਤੇ ਇਸ ਲਈ ਸੂਬਾ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ। ਸਾਂਝੇ ਸਿਵਲ ਕੋਡ ਦੇ ਮੁੱਦੇ ‘ਤੇ ਕੇਂਦਰ ਸਰਕਾਰ ਨੂੰ ਆਮ ਆਦਮੀ ਪਾਰਟੀ ਵੱਲੋਂ ਸਮਰਥਨ ਦੇਣ ਬਾਰੇ ਬੋਲਦਿਆਂ ਡਾ. ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਦੋਹਰਾ ਚਿਹਰਾ ਲੋਕਾਂ ਸਾਹਮਣੇ ਨੰਗਾ ਹੋ ਚੁੱਕਾ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਜਰਨੈਲ ਸਿੰਘ ਔਲਖ, ਉਜਾਗਰ ਸਿੰਘ ਬਡਾਲੀ, ਪਰਮਜੀਤ ਸਿੰਘ ਲੱਖੇਵਾਲ, ਸੰਦੀਪ ਸਿੰਘ ਕਲੋਤਾ, ਬੌਬੀ ਬਹਾਦਰਪੁਰ, ਅਜੇਪਾਲ ਸਿੰਘ ਮਿੱਡੂਖੇੜਾ, ਪਰਮਜੀਤ ਸਿੰਘ ਮੱਕੜ ਅਤੇ ਬਾਬਾ ਦਿਲਬਾਗ ਸਿੰਘ ਮਣਕੁਮਾਜਰਾ ਸਮੇਤ ਵੱਡੀ ਗਿਣਤੀ ‘ਚ ਪਾਰਟੀ ਵਰਕਰ ਮੌਜੂਦ ਸਨ।



Source link