ਹਾਦਸਿਆਂ ’ਚ ਕਬੱਡੀ ਖਿਡਾਰੀ ਸਣੇ ਦੋ ਹਲਾਕ

ਹਾਦਸਿਆਂ ’ਚ ਕਬੱਡੀ ਖਿਡਾਰੀ ਸਣੇ ਦੋ ਹਲਾਕ


ਨਿੱਜੀ ਪੱਤਰ ਪ੍ਰੇਰਕ
ਮੋਗਾ, 8 ਜੁਲਾਈ
ਇਥੇ ਲੰਘੇ 48 ਘੰਟਿਆਂ ਵਿਚ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇੱਕ ਕਬੱਡੀ ਖਿਡਾਰੀ ਅਤੇ ਇੱਕ ਅਪਾਹਜ ਔਰਤ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਜਖ਼ਮੀਆਂ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਵੇਰਵਿਆਂ ਅਨੁਸਾਰ ਕਬੱਡੀ ਖਿਡਾਰੀ ਜਗਦੀਪ ਸਿੰਘ (28) ਪਿੰਡ ਰਾਮੂਵਾਲਾ ਕਲਾਂ ਸ਼ੁੱਕਰਵਾਰ ਸ਼ਾਮ ਨੂੰ ਆਪਣੇ ਰਿਸ਼ਤੇਦਾਰੀ ’ਚੋਂ ਭਰਾ ਸਤਨਾਮ ਸਿੰਘ ਨਾਲ ਜਿਮ ’ਚ ਕਸਰਤ ਕਰਨ ਮਗਰੋਂ ਵਾਪਸ ਪਿੰਡ ਜਾਣ ਲੱਗਾ ਤਾਂ ਇਥੇ ਸ਼ਹਿਰ ਦੇ ਕੋਟਕਪੂਰਾ ਬਾਈਪਾਸ ਚੌਕ ਵਿਚ ਤੇਜ਼ ਰਫ਼ਤਾਰ ਮਹਿੰਦਰਾ ਕੈਂਟਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ’ਚ ਜਗਦੀਪ ਸਿੰਘ ਦੀ ਮੌਕੇ ਉਂਤੇ ਹੀ ਮੌਤ ਹੋ ਗਈ ਜਦੋਂਕਿ ਸਤਨਾਮ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਸਥਾਨਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਥੇ ਥਾਣਾ ਕੋਟ ਈਸੇ ਖਾਂ ਅਧੀਨ ਪਿੰਡ ਤਲਵੰਡੀ ਨੌਬਹਾਰ ਨੇੜੇ ਇੱਕ ਅਣਪਛਾਤੇ ਕਾਰ ਚਾਲਕ ਨੇ ਟਰਾਈਸਾਈਕਲ ’ਤੇ ਜਾ ਰਹੀ ਅਪਾਹਜ ਗੁਰਮੀਤ ਕੌਰ (34) ਨੂੰ ਟੱਕਰ ਮਾਰ ਦਿੱਤੀ। ਹਸਪਤਾਲ ਵਿਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਾਂਚ ਅਧਿਕਾਰੀ ਹੌਲਦਾਰ ਨਰਿੰਦਰ ਸਿੰਘ ਮੁਤਾਬਕ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਥੇ ਥਾਣਾ ਸਦਰ ਅਧੀਨ ਪਿੰਡ ਘੱਲਕਲਾਂ ਨੇੜੇ ਕਾਰ ਅਤੇ ਐਕਟਿਵਾ ਦੀ ਟੱਕਰ ਵਿੱਚ ਐਕਟਿਵਾ ਚਾਲਕ ਪ੍ਰੀਤਜਿੰਦਰ ਸਿੰਘ ਵਾਸੀ ਫ਼ਰੀਦਕੋਟ ਜਦਕਿ ਫ਼ਿਰੋਜ਼ਪੁਰ ਮਾਰਗ ਉੱਤੇ ਦੋ ਮੋਟਰਸਾਈਕਲਾਂ ਦੀ ਟੱਕਰ ਵਿਚ ਸਥਾਨਕ ਬੱਗੇਆਣਾ ਬਸਤੀ ਵਾਸੀ ਵਿਨੋਦ ਕੁਮਾਰ ਅਤੇ ਉਸ ਦਾ ਬੇਟਾ ਰਿੰਕੂ ਜ਼ਖ਼ਮੀ ਹੋ ਗਏ, ਜਿਨ੍ਹਾਂ ਹਸਪਤਾਲ ਦਾਖਲ ਕਰਵਾਇਆ ਗਿਆ।

ਤਲਾਕਸ਼ੁਦਾ ਔਰਤ ਦੀ ਭੇਤ-ਭਰੀ ਮੌਤ
ਮੋਗਾ: ਇਥੇ ਥਾਣਾ ਬੱਧਨੀ ਕਲਾਂ ਅਧੀਨ ਮੋਗਾ-ਬਰਨਾਲਾ ਕੌਮੀ ਮਾਰਗ ’ਤੇ ਪਿੰਡ ਬੁੱਟਰ ਤੋਂ ਮੱਦੋਕੇ ਲਿੰਕ ਸੜਕ ਕੰਢੇ ਇੱਕ ਮੁਟਿਆਰ ਦੀ ਲਾਸ਼ ਮਿਲੀ ਹੈ। ਮ੍ਰਿਤਕਾ ਦੀ ਪਛਾਣ ਜਸਵਿੰਦਰ ਕੌਰ ਵਜੋਂ ਹੋਈ ਜਿਸਦਾ ਕਰੀਬ ਦੋ ਮਹੀਨੇ ਪਹਿਲਾਂ ਪੰਚਾਇਤੀ ਤਲਾਕ ਹੋਇਆ ਸੀ। ਇਹ ਸੂਚਨਾ ਮਿਲਣ ’ਤੇ ਡੀਐੱਸਪੀ ਬੱਧਨੀ ਕਲਾਂ ਮਨਜੀਤ ਸਿੰਘ ਢੇਸੀ ਅਤੇ ਥਾਣਾ ਬੱਧਨੀ ਕਲਾਂ ਮੁਖੀ ਡੀਐੱਸਪੀ ਟਰੇਨੀ ਅਤੇ ਹੋਰ ਅਧਿਕਾਰੀ ਪੁੱਜੇ। ਡੀਐੱਸਪੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਮੁਢਲੀ ਜਾਂਚ ’ਚ ਕਿਸੇ ਅਣਪਛਾਤੇ ਵਾਹਨ ਦੇ ਫੇਟ ਨਾਲ ਮੌਤ ਦਾ ਖਦਸ਼ੇ ਤਹਿਤ ਮ੍ਰਿਤਕਾ ਜਸਵਿੰਦਰ ਕੌਰ ਦੀ ਮਾਂ ਗੁਰਮੇਲ ਕੌਰ ਦੇ ਬਿਆਨ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੁਰਮੇਲ ਕੌਰ ਨੇ ਪੁਲੀਸ ਨੂੰ ਬਿਆਨ ਵਿਚ ਦੱਸਿਆ ਕਿ ਉਸ ਦੀ ਧੀ ਜਸਵਿੰਦਰ ਕੌਰ ਦਾ ਕਰੀਬ 3 ਸਾਲ ਪਹਿਲਾਂ ਵਿਆਹ ਹੋਇਆ ਸੀ ਪਰ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿਣ ਕਾਰਨ ਕਰੀਬ 2 ਮਹੀਨੇ ਪਹਿਲਾਂ ਪੰਚਾਇਤੀ ਤੌਰ ’ਤੇ ਤਲਾਕ ਹੋ ਗਿਆ ਸੀ। ਪੀੜਤ ਮੁਤਾਬਕ ਉਹ ਆਪਣੀ ਧੀ ਨੂੰ ਇਲਾਜ ਲਈ ਬੁੱਟਰ ਕਲਾਂ ’ਚ ਕਿਸੇ ਦੇ ਘਰ ਲੈ ਕੇ ਗਈ ਸੀ। ਸ਼ੁੱਕਰਵਾਰ ਰਾਤ ਕਰੀਬ 1 ਵਜੇ ਉਸ ਦੀ ਧੀ ਜਸਵਿੰਦਰ ਨੇ ਦਿਮਾਗੀ ਪ੍ਰੇਸ਼ਾਨੀ ਕਾਰਨ ਉਸ ਨਾਲ ਖਿੱਚ ਧੂਹ ਕੀਤੀ ਤੇ ਫਿਰ ਰੌਲਾ ਪਾਉਂਦੀ ਹੋਈ ਘਰੋਂ ਭੱਜ ਗਈ। ਬਾਅਦ ਵਿੱਚ ਉਸ ਦੀ ਲਾਸ਼ ਪਿੰਡ ਬੁੱਟਰ-ਮੱਦੋਕੇ ਲਿੰਕ ਰੋਡ ਤੋਂ ਮਿਲੀ ਹੈ।

The post ਹਾਦਸਿਆਂ ’ਚ ਕਬੱਡੀ ਖਿਡਾਰੀ ਸਣੇ ਦੋ ਹਲਾਕ appeared first on punjabitribuneonline.com.



Source link