ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਜੁਲਾਈ
ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ’ਚ ਆਏ ਹੜ੍ਹਾਂ ਦਾ ਸੇਕ ਚੰਡੀਗੜ੍ਹੀਆਂ ਨੂੰ ਵੀ ਲੱਗ ਰਿਹਾ ਹੈ। ਜਿੱਥੇ ਸਬਜ਼ੀਆਂ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਕਈ ਗੁਣ ਵੱਧ ਗਈਆਂ ਹਨ। ਸ਼ਹਿਰ ਵਿੱਚ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ’ਤੇ ਨੱਥ ਪਾਉਣ ਲਈ ਯੂਟੀ ਪ੍ਰਸ਼ਾਸਨ ਸਰਗਰਮ ਹੋ ਗਿਆ ਹੈ। ਅੱਜ ਡਾਇਰੈਕਟਰ ਫੂਡ ਤੇ ਸਪਲਾਈ ਅਤੇ ਖਪਤਕਾਰ ਮਾਮਲੇ ਰੁਪੇਸ਼ ਕੁਮਾਰ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤੇ ਸੰਯੁਕਤ ਰਜਿਸਟਰਾਰ ਕੋਅਪਰੇਟਿਵ ਸੁਸਾਇਟੀ ਰੋਹਿਤ ਗੁਪਤਾ ਤੇ ਮਾਰਕੀਟ ਕਮੇਟੀ ਦੇ ਅਧਿਕਾਰੀ ਸੰਯਮ ਗਰਗ ਨੇ ਸਬਜ਼ੀਆਂ ਦੀਆਂ ਕੀਮਤਾਂ ਬਾਰੇ ਸਮੀਖਿਆ ਮੀਟਿੰਗ ਕੀਤੀ।
ਇਸ ਮੀਟਿੰਗ ਵਿੱਚ ਫੈਸਲਾ ਲਿਆ ਕਿ ਸ਼ਹਿਰ ਵਿੱਚ ਸਬਜ਼ੀ ਦੀਆਂ ਪ੍ਰਚੂਨ ਕੀਮਤਾਂ ਯੂਟੀ ਪ੍ਰਸ਼ਾਸਨ ਵੱਲੋਂ ਤੈਅ ਕੀਤੀ ਜਾਣਗੀਆਂ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਸਬਜ਼ੀ ਵੇਚਣ ਵਾਲਿਆਂ ਨੂੰ ਕੁਝ ਦਿਨ ਟਮਾਟਰਾਂ ਨੂੰ ਬਿਨਾਂ ਲਾਭ ਤੇ ਹਾਨੀ ਤੋਂ ਵੇਚਣ ਦੀ ਅਪੀਲ ਕੀਤੀ।
ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਲੱਗਣ ਵਾਲੀ ਆਪਣੀ ਮੰਡੀ ਵਿੱਚ ਸਬਜ਼ੀ ਦੀਆਂ ਪ੍ਰਚੂਨ ਕੀਮਤਾਂ ’ਤੇ ਹਰ ਸਮੇਂ ਚੌਕਸੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕਿਸੇ ਵੀ ਟਮਾਟਰ ਜਾਂ ਹੋਰ ਸਬਜ਼ੀਆਂ ਨੂੰ ਸਟੋਰ ਨਾ ਕਰਨ ਦਾ ਹਿਦਾਇਤ ਦਿੱਤੀ। ਉਨ੍ਹਾਂ ਕਿਹਾ ਕਿ ਸੈਕਟਰ-26 ਸਥਿਤ ਮਾਰਕੀਟ ਕਮੇਟੀ ਦੇ ਦਫ਼ਤਰ ਵੱਲੋਂ ਸਮੇਂ-ਸਮੇਂ ’ਤੇ ਸ਼ਹਿਰ ਵਿੱਚ ਚੈਕਿੰਗ ਵੀ ਕੀਤੀ ਜਾਵੇਗੀ। ਯੂਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਸ਼ਹਿਰ ਵਿੱਚ ਕੋਈ ਸਬਜ਼ੀਆਂ ਨੂੰ ਜ਼ਿਆਦਾ ਮੁਨਾਫੇ ਦੇ ਲਾਲਚ ’ਚ ਮਹਿੰਗਾ ਵੇਚੇਗਾ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਸ਼ਹਿਰ ਵਿੱਚ ਪਿਛਲੇ ਇਕ ਹਫ਼ਤੇ ਤੋਂ ਸਬਜ਼ੀ ਦੀਆਂ ਕੀਮਤਾਂ ਪਹਿਲਾਂ ਦੇ ਮੁਕਾਬਲੇ ਦੁਗਣੀ ਤੋਂ ਤਿੰਨ ਗੁਣਾ ਵੱਧ ਚੁੱਕੀਆਂ ਹਨ।
The post ਪ੍ਰਸ਼ਾਸਨ ਤੈਅ ਕਰੇਗਾ ਸਬਜ਼ੀ ਦੀਆਂ ਪ੍ਰਚੂਨ ਕੀਮਤਾਂ appeared first on punjabitribuneonline.com.