ਨਿਜੀ ਪੱਤਰ ਪ੍ਰੇਰਕ
ਸੰਗਰੂਰ, 22 ਜੁਲਾਈ
ਰਿਜਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਡਾ. ਵਿਨੀਤ ਕੁਮਾਰ ਵੱਲੋਂ ਸੇਫ ਵਾਹਨ ਪਾਲਿਸੀ ਤਹਿਤ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ। ਡਾ. ਵਿਨੀਤ ਕੁਮਾਰ ਨੇ ਕਿਹਾ ਕਿ ਜਿਹੜੇ ਸਕੂਲ ਪ੍ਰਬੰਧਕਾਂ ਵੱਲੋਂ ਪਾਲਿਸੀ ਵਿੱਚ ਦਰਜ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਜਾਵੇਗੀ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਾ. ਵਿਨੀਤ ਕੁਮਾਰ ਨੇ ਦੱਸਿਆ ਕਿ ਅੱਜ ਉਨ੍ਹਾਂ ਵੱਲੋਂ ਕੀਤੀ ਜਾਂਚ ਦੌਰਾਨ ਕੁਝ ਸਕੂਲੀ ਵਾਹਨਾਂ ਵਿੱਚ ਮੈਡੀਕਲ ਫਸਟ ਏਡ ਕਿੱਟਾਂ ਦੀ ਅਣਹੋਂਦ, ਅੱਗ ਬੁਝਾਊ ਯੰਤਰਾਂ ਦੀ ਮਿਆਦ ਪੁੱਗਣ ਸਮੇਤ ਹੋਰ ਖਾਮੀਆਂ ਪਾਏ ਜਾਣ ’ਤੇ ਕਾਰਵਾਈ ਕੀਤੀ ਗਈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸੇ ਨੂੰ ਵੀ ਸਕੂਲੀ ਬੱਚਿਆਂ ਦੀ ਸੁਰੱਖਿਆ ਨਾਲ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ। ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਨਾਲ ਨਾਲ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਸਮੇਂ ਸਮੇਂ ਤੇ ਸੇਫ ਵਾਹਨ ਪਾਲਿਸੀ ਤਹਿਤ ਸਕੂਲਾਂ ਦੇ ਵਾਹਨਾਂ ਦੀ ਚੈਕਿੰਗ ਕਰਨ ਦੇ ਆਦੇਸ਼ ਦਿੱਤੇ ਗਏ ਹਨ ਅਤੇ ਪਾਲਿਸੀ ਦੀ ਉਲੰਘਣਾ ਪਾਏ ਜਾਣ ਤੇ ਚਲਾਨ ਕੱਟਣ ਅਤੇ ਇੱਕ ਤੋਂ ਜ਼ਿਆਦਾ ਵਾਰ ਉਲੰਘਣਾ ਸਾਹਮਣੇ ਆਉਣ ਤੇ ਵਾਹਨ ਜ਼ਬਤ ਕਰਨ ਦੀ ਹਦਾਇਤ ਕੀਤੀ ਗਈ ਹੈ।
The post ਟਰਾਂਸਪੋਰਟ ਅਥਾਰਿਟੀ ਦੇ ਸਕੱਤਰ ਵੱਲੋਂ ਸਕੂਲੀ ਵਾਹਨਾਂ ਦੀ ਚੈਕਿੰਗ appeared first on punjabitribuneonline.com.