ਡੀਸੀ ਵੱਲੋਂ ਪੀਣ ਲਈ ਪ੍ਰਾਈਵੇਟ ਬੋਰਵੈਲਾਂ ਦਾ ਪਾਣੀ ਨਾ ਵਰਤਣ ਦੀ ਅਪੀਲ

ਡੀਸੀ ਵੱਲੋਂ ਪੀਣ ਲਈ ਪ੍ਰਾਈਵੇਟ ਬੋਰਵੈਲਾਂ ਦਾ ਪਾਣੀ ਨਾ ਵਰਤਣ ਦੀ ਅਪੀਲ


ਨਿਜੀ ਪੱਤਰ ਪ੍ਰੇਰਕ
ਸੰਗਰੂਰ, 24 ਜੁਲਾਈ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪਿਛਲੇ ਦਿਨੀਂ ਮੂਨਕ ਤੇ ਖਨੌਰੀ ਦੇ ਇਲਾਕਿਆਂ ਵਿੱਚ ਆਏ ਹੜ੍ਹਾਂ ਨੂੰ ਮੱਦੇਨਜ਼ਰ ਰੱਖਦਿਆਂ ਲੋਕ ਹਿੱਤ ਵਿੱਚ ਅਪੀਲ ਕੀਤੀ ਹੈ ਕਿ ਇਨ੍ਹਾਂ ਇਲਾਕਿਆਂ ਦੇ ਲੋਕ ਪੀਣ ਲਈ ਕੇਵਲ ਕਲੋਰੀਨ ਯੁਕਤ ਪਾਣੀ ਜਾਂ ਉਬਲੇ ਹੋਏ ਪਾਣੀ ਦੀ ਹੀ ਵਰਤੋਂ ਕਰਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਪ੍ਰਾਈਵੇਟ ਬੋਰਵੈਲ ਦੇ ਪਾਣੀ ਨੂੰ ਪੀਣ ਲਈ ਬਿਲਕੁਲ ਨਾ ਵਰਤਣ ਕਿਉਂਕਿ ਹੜ੍ਹਾਂ ਦੇ ਗੰਧਲੇ ਪਾਣੀ ਦਾ ਰਲੇਵਾਂ ਹੋਣ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਸਿਹਤ ਖਰਾਬ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ ਇਸ ਲਈ ਸਰਕਾਰੀ ਤੌਰ ’ਤੇ ਪਾਣੀ ਦੇ ਟੈਂਕਰਾਂ ਰਾਹੀਂ ਮੁਹੱਈਆ ਕਰਵਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਅੱਜ ਇਸ ਸਬੰਧੀ ਬਕਾਇਦਾ ਸਿਵਲ ਸਰਜਨ ਤੇ ਕਾਰਜਸਾਧਕ ਅਧਿਕਾਰੀਆਂ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਸਬੰਧਤ ਇਲਾਕਿਆਂ ਵਿੱਚ ਸੀਨੀਅਰ ਮੈਡੀਕਲ ਅਫ਼ਸਰਾਂ ਤੇ ਮੈਡੀਕਲ ਸਟਾਫ਼ ਰਾਹੀਂ ਲੋਕਾਂ ਨੂੰ ਇਸ ਸਬੰਧੀ ਲਗਾਤਾਰ ਜਾਗਰੂਕ ਕੀਤਾ ਜਾਵੇ ਕਿਉਂਕਿ ਗੰਧਲਾ ਪਾਣੀ ਕਈ ਮਾਰੂ ਬਿਮਾਰੀਆਂ ਪੈਦਾ ਕਰਦਾ ਹੈ ਇਸ ਲਈ ਸਾਵਧਾਨੀ ਵਰਤਦੇ ਹੋਏ ਬੋਰਵੈਲਾਂ ਦੇ ਪਾਣੀ ਨੂੰ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

ਡੇਂਗੂ ਤੋਂ ਬਚਾਅ ਦੇ ਪ੍ਰਬੰਧਾਂ ਲਈ ਮੀਟਿੰਗ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਡੇਂਗੂ ਤੋਂ ਬਚਾਅ ਲਈ ਵਿਭਾਗੀ ਪੱਧਰ ’ਤੇ ਹੋ ਰਹੇ ਉਪਰਾਲਿਆਂ ਬਾਰੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪਿਛਲੇ ਸਾਲਾਂ ਵਿੱਚ ਡੇਂਗੂ ਪ੍ਰਭਾਵਿਤ ਪੇਂਡੂ ਤੇ ਸ਼ਹਿਰੀ ਇਲਾਕਿਆਂ (ਹੌਟ ਸਪੋਟ) ਵਿੱਚ ਇਸ ਵਾਰ ਵਿਸ਼ੇਸ਼ ਸਾਵਧਾਨੀਆਂ ਵਰਤੇ ਜਾਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਖੇਤਰਾਂ ਵਿੱਚ ਪਹਿਲਾਂ ਤੋਂ ਹੀ ਫੋਗਿੰਗ ਤੇ ਲਾਰਵਾਸਾਈਡ ਸਪਰੇਅ ਯਕੀਨੀ ਬਣਾਈ ਜਾਵੇ। ਉਨ੍ਹਾਂ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸੀਵਰੇਜ ਲਾਈਨਾਂ ਦੀ ਨਿਰੰਤਰ ਸਫ਼ਾਈ ਯਕੀਨੀ ਬਣਾਈ ਜਾਵੇ। ਡਿਪਟੀ ਕਮਿਸ਼ਨਰ ਨੇ ਸਿਵਲ ਸਰਜਨ ਨੂੰ ਹਦਾਇਤ ਕੀਤੀ ਕਿ ਹਰ ਖੇਤਰ ਵਿੱਚ ਚੌਕਸੀ ਵਧਾਉਂਦੇ ਹੋਏ ਜਨਤਕ ਤੇ ਵਪਾਰਕ ਸੰਸਥਾਨਾਂ, ਸਰਕਾਰੀ ਦਫ਼ਤਰਾਂ ਆਦਿ ਵਿੱਚ ਲਾਰਵੇ ਦੀ ਜਾਂਚ ਕੀਤੀ ਜਾਵੇ ਅਤੇ ਲਾਰਵਾ ਪਾਏ ਜਾਣ ’ਤੇ ਚਲਾਨ ਕੱਟੇ ਜਾਣ।

The post ਡੀਸੀ ਵੱਲੋਂ ਪੀਣ ਲਈ ਪ੍ਰਾਈਵੇਟ ਬੋਰਵੈਲਾਂ ਦਾ ਪਾਣੀ ਨਾ ਵਰਤਣ ਦੀ ਅਪੀਲ appeared first on punjabitribuneonline.com.



Source link