ਮਟੌਰ ਮੰਦਰ ਵਿਵਾਦ: ਹਾਈ ਕੋਰਟ ਨੇ ਮੁਹਾਲੀ ਦੇ ਐੱਸਐੱਸਪੀ ਤੋਂ ਸਟੇਟਸ ਰਿਪੋਰਟ ਮੰਗੀ

ਮਟੌਰ ਮੰਦਰ ਵਿਵਾਦ: ਹਾਈ ਕੋਰਟ ਨੇ ਮੁਹਾਲੀ ਦੇ ਐੱਸਐੱਸਪੀ ਤੋਂ ਸਟੇਟਸ ਰਿਪੋਰਟ ਮੰਗੀ


ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਜੁਲਾਈ
ਇੱਥੋਂ ਦੇ ਸੈਕਟਰ-70 ਸਥਿਤ ਸ੍ਰੀ ਸੱਤਿਆ ਨਾਰਾਇਣ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਡੀਵੀਆਰ ਤੇ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ, ਦਫ਼ਤਰ ਦੇ ਤਾਲੇ ਤੋੜ ਕੇ ਸਾਰਾ ਰਿਕਾਰਡ ਖ਼ੁਰਦ-ਬੁਰਦ ਕਰਨ ਤੇ ਬੇਅਦਬੀ ਕਰਨ ਦਾ ਮਾਮਲਾ ਦੁਬਾਰਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਗਿਆ ਹੈ। ਹਾਈ ਕੋਰਟ ਨੇ ਮੁਹਾਲੀ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ ਕਰ ਕੇ ਸਮੁੱਚੇ ਮਾਮਲੇ ਦੀ ਜਾਂਚ ਸਬੰਧੀ 25 ਸਤੰਬਰ ਤੱਕ ਸਟੇਟਸ ਰਿਪੋਰਟ ਦੇਣ ਲਈ ਕਿਹਾ ਹੈ।
ਅੱਜ ਮੁਹਾਲੀ ਪ੍ਰੈਸ ਕਲੱਬ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਸਨਾਤਨ ਧਰਮ ਵੈੱਲਫੇਅਰ ਸੁਸਾਇਟੀ ਮਟੌਰ ਦੇ ਪ੍ਰਧਾਨ ਰਾਕੇਸ਼ ਬਾਂਸਲ, ਜਨਰਲ ਸਕੱਤਰ ਹੰਸ ਰਾਜ ਵਰਮਾ, ਸੰਗਠਨ ਸਕੱਤਰ ਆਸ਼ੂ ਵੈਦ, ਸਲਾਹਕਾਰ ਲਵਲੀ ਬਾਂਸਲ ਆਦਿ ਨੇ ਦੱਸਿਆ ਕਿ 12 ਫਰਵਰੀ 2023 ਨੂੰ ਸ੍ਰੀ ਸਨਾਤਨ ਧਰਮ ਵੈੱਲਫੇਅਰ ਸੁਸਾਇਟੀ ਮਟੌਰ ਦੇ ਨਵੇਂ ਪ੍ਰਧਾਨ ਅਤੇ ਬਾਕੀ ਅਹੁਦੇਦਾਰਾਂ ਦਾ ਸਹੁੰ ਚੁੱਕ ਸਮਾਗਮ ਰੱਖਿਆ ਗਿਆ ਸੀ ਪਰ ਇੱਕ ਦਿਨ ਪਹਿਲਾਂ ਸ਼ਾਮ ਵੇਲੇ ਕੁੱਝ ਸ਼ਰਾਰਤੀ ਅਨਸਰਾਂ ਨੇ ਪਹਿਲਾਂ ਮੰਦਰ ਕਮੇਟੀ ਦਫ਼ਤਰ ਤੇ ਅਲਮਾਰੀਆਂ ਦੇ ਤਾਲੇ ਤੋੜੇ, ਅਕਾਊਂਟ ਦਾ ਸਾਰਾ ਰਿਕਾਰਡ ਅਤੇ ਹੋਰ ਅਹਿਮ ਦਸਤਾਵੇਜ਼ ਖ਼ੁਰਦ-ਬੁਰਦ ਕਰਨ ਦੀ ਭਾਵਨਾ ਨਾਲ ਸੀਸੀਟੀਵੀ ਕੈਮਰਿਆਂ ਨਾਲ ਛੇੜਛਾੜ ਕੀਤੀ ਅਤੇ ਡੀਵੀਆਰ ਵੀ ਆਪਣੇ ਕਬਜ਼ੇ ਵਿੱਚ ਲੈ ਲਈ। ਇਹੀ ਨਹੀਂ ਚੱਲਦੀ ਆਰਤੀ ਦੌਰਾਨ ਮਾਈਕ ਬੰਦ ਕਰ ਕੇ ਆਰਤੀ ’ਚ ਖਲਲ ਪਾ ਕੇ ਧਾਰਮਿਕ ਭਾਵਨਾ ਨੂੰ ਠੇਸ ਪਹੁੰਚਾਈ ਗਈ। ਇਸ ਸਬੰਧੀ ਪੁਲੀਸ ਵੱਲੋਂ ਕਾਰਵਾਈ ਨਾ ਕੀਤੇ ਜਾਣ ’ਤੇ ਮੰਦਰ ਕਮੇਟੀ ਨੇ ਇਨਸਾਫ਼ ਲਈ ਹਾਈ ਕੋਰਟ ਦਾ ਬੂਹਾ ਖੜਕਾਇਆ ਅਤੇ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਪੰਜ ਮਹੀਨੇ ਬੀਤਣ ’ਤੇ ਵੀ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਨੂੰ ਦੂਜੀ ਵਾਰ ਹਾਈ ਕੋਰਟ ਦੀ ਸ਼ਰਨ ਵਿੱਚ ਜਾਣਾ ਪਿਆ। ਹਾਈ ਕੋਰਟ ਨੇ ਐੱਸਐੱਸਪੀ ਨੂੰ ਨੋਟਿਸ ਜਾਰੀ ਕਰ ਕੇ ਇਸ ਸਮੁੱਚੇ ਮਾਮਲੇ ਦੀ ਹੁਣ ਤੱਕ ਦੀ ਮੁਕੰਮਲ ਜਾਂਚ ਸਬੰਧੀ ਸਟੇਟਸ ਰਿਪੋਰਟ ਮੰਗੀ ਹੈ। ਪ੍ਰਬੰਧਕਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਮੰਦਰ ਕਮੇਟੀ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ ਅਤੇ ਮਰਨ ਵਰਤ ਵੀ ਸ਼ੁਰੂ ਕੀਤਾ ਜਾਵੇਗਾ।

The post ਮਟੌਰ ਮੰਦਰ ਵਿਵਾਦ: ਹਾਈ ਕੋਰਟ ਨੇ ਮੁਹਾਲੀ ਦੇ ਐੱਸਐੱਸਪੀ ਤੋਂ ਸਟੇਟਸ ਰਿਪੋਰਟ ਮੰਗੀ appeared first on punjabitribuneonline.com.



Source link