ਦਰਸ਼ਨ ਸਿੰਘ ਸੋਢੀ
ਐੱਸ.ਏ.ਐੱਸ. ਨਗਰ (ਮੁਹਾਲੀ), 3 ਅਗਸਤ
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੰਜਾਬ ਵਿੱਚ ਅਮਨ ਸ਼ਾਂਤੀ ਕਾਇਮ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਲਈ ਵਿੱਢੀ ਵਿਸ਼ੇਸ਼ ਮੁਹਿੰਮ ਦੇ ਤਹਿਤ ਮੁਹਾਲੀ ਪੁਲੀਸ ਨੇ ਬੱਬਰ ਖ਼ਾਲਸਾ ਅਤਿਵਾਦੀ ਸੰਗਠਨ ਦੇ ਪੰਜ ਕਾਰਕੁਨਾਂ ਨੂੰ ਨਾਜਾਇਜ਼ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਗੱਲ ਦਾ ਖ਼ੁਲਾਸਾ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਸੰਦੀਪ ਗਰਗ ਨੇ ਕੀਤਾ। ਉਨ੍ਹਾਂ ਦੱਸਿਆ ਕਿ ਐੱਸਪੀ (ਸਿਟੀ) ਅਕਾਸ਼ਦੀਪ ਸਿੰਘ ਔਲਖ ਅਤੇ ਐੱਸਪੀ (ਟਰੈਫ਼ਿਕ) ਹਰਿੰਦਰ ਸਿੰਘ ਮਾਨ ਦੀ ਨਿਗਰਾਨੀ ਹੇਠ ਥਾਣਾ ਫੇਜ਼-1 ਦੇ ਐੱਸਐੱਚਓ ਇੰਸਪੈਕਟਰ ਰਜਨੀਸ਼ ਚੌਧਰੀ ਅਤੇ ਪੁਲੀਸ ਚੌਕੀ ਫੇਜ਼-6 ਦੇ ਇੰਚਾਰਜ ਅਭਿਸ਼ੇਕ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਪੰਜ ਮੁਲਜ਼ਮ ਨਰਿੰਦਰ ਸਿੰਘ ਉਰਫ਼ ਨਿੰਦੀ ਤੇ ਕੁਲਵੰਤ ਸਿੰਘ ਉਰਫ਼ ਗੁੱਡੂ ਦੋਵੇਂ ਵਾਸੀ ਮਾਨਖੇੜੀ (ਮੋਰਿੰਡਾ), ਅਮਰਿੰਦਰ ਸਿੰਘ ਉਰਫ਼ ਕੈਪਟਨ ਵਾਸੀ ਸੈਕਟਰ-37, ਚੰਡੀਗੜ੍ਹ, ਲਵੀਸ਼ ਕੁਮਾਰ ਉਰਫ਼ ਲਵੀ ਵਾਸੀ ਪ੍ਰੀਤ ਨਗਰ, ਲੁਧਿਆਣਾ ਅਤੇ ਪਰਮਪ੍ਰਤਾਪ ਸਿੰਘ ਵਾਸੀ ਜੰਮੂ ਬਸਤੀ (ਅਬੋਹਰ) ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਦੋ ਦੇਸੀ ਪਿਸਤੌਲਾਂ ਅਤੇ 8 ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਫੇਜ਼-1 ਵਿੱਚ ਪਰਚਾ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਪੁਲੀਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਰਿੰਦਰ ਉਰਫ਼ ਨਿੰਦੀ ਕੋਲ ਨਾਜਾਇਜ਼ ਅਸਲਾ ਹੈ ਅਤੇ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਹੈ। ਨਿੰਦੀ ਨੂੰ ਪਿਸਤੌਲ ਸਣੇ ਤੁਰੰਤ ਗ੍ਰਿਫ਼ਤਾਰ ਕੀਤਾ ਗਿਆ। ਉਥੇ ਹੀ ਬੱਬਰ ਖ਼ਾਲਸਾ ਨਾਲ ਸਬੰਧਤ ਕੁਲਵੰਤ ਸਿੰਘ ਨੇ ਪਿਸਤੌਲ ਅਮਰਿੰਦਰ ਸਿੰਘ ਉਰਫ਼ ਕੈਪਟਨ ਪਾਸੋਂ ਲਿਆ ਸੀ। ਮੁਲਜ਼ਮ ਦੇ ਦੱਸਣ ਅਨੁਸਾਰ ਉਸ ਨੇ ਅਮਰਿੰਦਰ ਸਿੰਘ, ਲਵੀਸ਼ ਉਰਫ਼ ਲਵੀ ਅਤੇ ਨਿੰਦੀ ਨਾਲ ਮਿਲ ਕੇ ਲੁਧਿਆਣਾ ਅਤੇ ਮੁਹਾਲੀ ਦੇ ਵੱਡੇ ਵਪਾਰੀ ਪਾਸੋਂ ਲੁੱਟ ਖੋਹ ਕਰਨੀ ਸੀ।
ਪੁੱਛਗਿੱਛ ਦੇ ਅਧਾਰ ’ਤੇ ਯਾਦਵਿੰਦਰ ਸਿੰਘ ਵਾਸੀ ਕਰਨਾਲ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਸ ਦੀ ਭਾਲ ਜਾਰੀ ਹੈ।
ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਪੁਲੀਸ ਨੇ ਚੌਕਸੀ ਵਧਾਈ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਪੁਲੀਸ ਨੇ ਅਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਅਮਨ ਤੇ ਕਾਨੂੰਨ ਦੀ ਸਥਿਤੀ ਦੀ ਬਹਾਲੀ ਲਈ ਚੌਕਸੀ ਵਧਾ ਦਿੱਤੀ ਹੈ। ਚੰਡੀਗੜ੍ਹ ਪੁਲੀਸ ਵੱਲੋਂ ਸ਼ਹਿਰ ਵਿੱਚ ਤੜਕੇ ਸਵੇਰ ਤੋਂ ਲੈ ਕੇ ਦੇਰ ਰਾਤ ਤੱਕ ਵੱਖ-ਵੱਖ ਇਲਾਕਿਆਂ ’ਚ ਸਰਚ ਅਪਰੇਸ਼ਨ ਚਲਾਏ ਜਾ ਰਹੇ ਹਨ। ਪੁਲੀਸ ਵੱਲੋਂ ਸ਼ਹਿਰ ’ਚ ਨਾਕਾਬੰਦੀ ਕਰ ਕੇ, ਰੇਲਵੇ ਸਟੇਸ਼ਨ, ਬੱਸ ਅੱਡੇ, ਧਰਮਸ਼ਾਲਾਵਾਂ, ਹੋਟਲਾ ਤੇ ਗੈਸਟ ਹਾਊਸ ਦੀ ਚੈਕਿੰਗ ਕੀਤੀ ਜਾ ਰਹੀ ਹੈ। ਐੱਸਐੱਸਪੀ ਨੇ ਹੋਟਲਾਂ, ਗੈਸਟ ਹਾਊਸ ਤੇ ਧਰਮਸ਼ਾਲਾ ਦੇ ਪ੍ਰਬੰਧਕਾਂ ਨੂੰ ਯਾਤਰੀਆਂ ਦੇ ਸ਼ਨਾਖਤੀ ਕਾਰਡ ਲਾਜ਼ਮੀ ਲੈਣ ਲਈ ਆਦੇਸ਼ ਜਾਰੀ ਕੀਤੇ ਹਨ। ਪੁਲੀਸ ਦੇ ਬੁਲਾਰੇ ਨੇ ਕਿਹਾ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਪੁਲੀਸ ਵੱਲੋਂ ਸ਼ਹਿਰ ਵਿੱਚ ਦਾਖਲ ਹੋਣ ਵਾਲੀਆਂ ਮੁੱਖ ਸੜਕਾਂ ’ਤੇ 43 ਨਾਕੇ ਲਗਾ ਕੇ ਅਤੇ 64 ਪੀਸੀਆਰ ਵਾਹਨ ਤੇ 24 ਮੋਟਰਸਾਈਕਲਾਂ ਰਾਹੀਂ ਹਰ ਸਮੇਂ ਸ਼ਹਿਰ ਦੇ ਚੱਪੇ-ਚੱਪੇ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲੀਸ ਨੇ ਅੱਜ ਸਵੇਰੇ 4.30 ਵਜੇ ਦੇ ਕਰੀਬ ਸੈਕਟਰ-56 ਸਥਿਤ ਪਲਸੋਰਾ ਕਲੋਨੀ ਵਿੱਚ ਸਰਚ ਅਪਰੇਸ਼ਨ ਚਲਾਇਆ। ਇਸ ਦੌਰਾਨ ਪੁਲੀਸ ਦੇ ਕਰੀਬ 65 ਮੁਲਾਜ਼ਮਾਂ ਨੇ ਕਲੋਨੀ ਵਿੱਚ ਚੈਕਿੰਗ ਕਰ ਕੇ 87 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ। ਇਸੇ ਤਰ੍ਹਾਂ ਪੁਲੀਸ ਨੇ ਸੈਕਟਰ-25 ਭਾਸਕਰ ਕਲੋਨੀ ਤੇ ਮੌਲੀ ਜੱਗਰਾਂ ਵਿੱਚ ਚੈਕਿੰਗ ਕੀਤੀ। ਇਸ ਦੌਰਾਨ ਪੁਲੀਸ ਨੇ ਸ਼ੱਕੀ ਵਿਅਕਤੀਆਂ ਦੀ ਸ਼ਨਾਖਤ ਕਰਕੇ ਛੱਡ ਦਿੱਤਾ। ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਣੇ ਹੋਰਨਾਂ ਸੂਬਿਆਂ ਤੋਂ ਸ਼ਹਿਰ ਵਿੱਚ ਆਉਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ।
The post ਬੱਬਰ ਖ਼ਾਲਸਾ ਦੇ ਪੰਜ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ appeared first on punjabitribuneonline.com.