ਜਨਤਕ ਜਥੇਬੰਦੀਆਂ ਨੇ ਕਾਲਜ ਅੱਗੇ ਮੋਰਚਾ ਲਾਇਆ

ਜਨਤਕ ਜਥੇਬੰਦੀਆਂ ਨੇ ਕਾਲਜ ਅੱਗੇ ਮੋਰਚਾ ਲਾਇਆ


ਸੰਜੀਵ ਹਾਂਡਾ
ਫ਼ਿਰੋਜ਼ਪੁਰ, 5 ਅਗਸਤ
ਸਥਾਨਕ ਸਦੀ ਪੁਰਾਣੇ ਆਰਐੱਸਡੀ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਤਿੰਨ ਸਹਾਇਕ ਪ੍ਰਫ਼ੈਸਰਾਂ ਨੂੰ ਬਿਨਾਂ ਨੋਟਿਸ ਦਿੱਤਿਆਂ ਨੌਕਰੀ ਤੋਂ ਫ਼ਾਰਗ ਕਰਨ ਦਾ ਮਾਮਲਾ ਭਖ ਗਿਆ ਹੈ। ਇਸ ਫ਼ੈਸਲੇ ਦਾ ਵਿਰੋਧ ਕਰਦਿਆਂ ਕਈ ਜਨਤਕ ਜਥੇਬੰਦੀਆਂ ਨੇ ਸਹਾਇਕ ਪ੍ਰੋਫੈਸਰਾਂ ਦੀ ਬਹਾਲੀ ਲਈ ਅੱਜ ਕਾਲਜ ਸਾਹਮਣੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਦਿੱਤਾ ਹੈ। ਦੂਜੇ ਪਾਸੇ ਕਾਲਜ ਕਮੇਟੀ ਵੱਲੋਂ ਹਾਲੇ ਤੱਕ ਇਸ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕਾਲਜ ਵਿੱਚ ਪਿਛਲੇ 13 ਵਰ੍ਹਿਆਂ ਤੋਂ ਰੈਗੂਲਰ ਨੌਕਰੀ ਕਰ ਰਹੇ ਤਿੰਨ ਸੀਨੀਅਰ ਸਹਾਇਕ ਪ੍ਰੋਫ਼ੈਸਰਾਂ ਨੂੰ ਕਾਲਜ ਕਮੇਟੀ ਨੇ ਬਿਨਾਂ ਨੋਟਿਸ ਦਿੱਤਿਆਂ 31 ਜੁਲਾਈ ਨੂੰ ਤੁਰੰਤ ਪ੍ਰਭਾਵ ਫਾਰਗ ਕਰ ਦਿੱਤਾ ਸੀ। ਇਨ੍ਹਾਂ ਪ੍ਰੋਫੈਸਰਾਂ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਪ੍ਰੋ. ਕੁਲਦੀਪ ਸਿੰਘ, ਪੰਜਾਬੀ ਵਿਭਾਗ ਦੀ ਡਾ. ਮਨਜੀਤ ਕੌਰ ਆਜ਼ਾਦ ਤੇ ਇਤਿਹਾਸ ਵਿਭਾਗ ਦੇ ਸਹਾਇਕ ਪ੍ਰੋਫੈਸਰ ਲਕਸ਼ਮਿੰਦਰ ਭੋਰੀਵਾਲ ਸ਼ਾਮਲ ਹਨ। ਕਾਲਜ ਮੈਨੇਜਮੈਂਟ ਵੱਲੋਂ ਇਸ ਕਾਰਵਾਈ ਪਿੱਛੇ ਵਿਦਿਆਰਥੀਆਂ ਦੀ ਗਿਣਤੀ ਘਟਣ ਦਾ ਤਰਕ ਦਿੱਤਾ ਗਿਆ ਹੈ। ਹਾਲਾਂਕਿ ਇਸ ਧੱਕੇਸ਼ਾਹੀ ਖ਼ਿਲਾਫ਼ ਉਕਤ ਸਹਾਇਕ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਪ੍ਰਸ਼ਾਸਨ ਕੋਲ ਵੀ ਪਹੁੰਚ ਕੀਤੀ ਸੀ, ਜਿਸ ਮਗਰੋਂ ’ਵਰਸਿਟੀ ਵੱਲੋਂ ਇਨ੍ਹਾਂ ਦੀ ਮੁੜ ਨਿਯੁਕਤੀ ਦੇ ਹੁਕਮ ਦਿੱਤੇ ਸਨ, ਪਰ ਕਾਲਕ ਮੈਨੇਜਮੈਂਟ ਨੇ ਇਹ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਦੇ ਵਿਰੋਧ ਵਿੱਚ ਅੱਜ ਸਵੇਰੇ ਐਸੋਸੀਏਸ਼ਨ ਆਫ਼ ਅਨਏਡਿਡ ਕਾਲਜ ਟੀਚਰਜ਼ ਨੇ ਆਰਐੱਸਡੀ ਕਾਲਜ ਅੱਗੇ ਧਰਨਾ ਆਰੰਭ ਕੇ ਕਾਲਜ ਪ੍ਰਬੰਧਕ ਕਮੇਟੀ, ਡਾਇਰੈਕਟਰ ਐੱਸਪੀ ਆਨੰਦ ਤੇ ਕਾਰਜਕਾਰੀ ਪ੍ਰਿੰਸੀਪਲ ਰਾਜੇਸ਼ ਅਗਰਵਾਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਇਸ ਫ਼ੈਸਲੇ ਨੂੰ ਕਾਲਜ ਕਮੇਟੀ ਦੀ ਧੱਕੇਸ਼ਾਹੀ ਕਰਾਰ ਦਿੰਦਿਆਂ ਕਾਲਜ ਡਾਇਰੈਕਟਰ ਐੱਸਪੀ ਆਨੰਦ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਬਰਖ਼ਾਸਤ ਕੀਤੇ ਗਏ ਸਹਾਇਕ ਪ੍ਰੋਫ਼ੈਸਰਾਂ ਨੂੰ ਮੁੜ ਜੁਆਇਨ ਨਹੀਂ ਕਰਵਾਇਆ ਜਾਂਦਾ, ਉਦੋਂ ਤੱਕ ਇਹ ਧਰਨਾ ਜਾਰੀ ਰਹੇਗਾ।

The post ਜਨਤਕ ਜਥੇਬੰਦੀਆਂ ਨੇ ਕਾਲਜ ਅੱਗੇ ਮੋਰਚਾ ਲਾਇਆ appeared first on punjabitribuneonline.com.



Source link