ਸੀਵਰੇਜ ਦੇ ਸੋਧੇ ਹੋਏ ਪਾਣੀ ਨਾਲ ਹੋ ਸਕੇਗੀ ਹੁਣ ਸਿੰਜਾਈ

ਸੀਵਰੇਜ ਦੇ ਸੋਧੇ ਹੋਏ ਪਾਣੀ ਨਾਲ ਹੋ ਸਕੇਗੀ ਹੁਣ ਸਿੰਜਾਈ


ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਅਗਸਤ
ਪੰਜਾਬ ਦੇ ਭੂਮੀ ਤੇ ਜਲ ਸੰਭਾਲ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਚਹਿਲਾਂ ਪੱਤੀ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੋਧੇ ਹੋਏ ਪਾਣੀ ਨਾਲ ਖੇਤਾਂ ਦੀ ਸਿੰਜਾਈ ਲਈ ਵਰਤੋਂ ਦੇ ਪ੍ਰਾਜੈਕਟ ਦਾ ਉਦਘਾਟਨ ਕੀਤਾ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਤਕਰੀਬਨ 1 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਨੇਪਰੇ ਚਾੜ੍ਹਿਆ ਗਿਆ ਵਿਭਾਗ ਦਾ ਇਹ 58ਵਾਂ ਪ੍ਰਾਜੈਕਟ ਹੈ ਅਤੇ ਇਸ ਨੂੰ ਪੂਰਾ ਕਰਵਾਉਣ ਲਈ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਦਿਨ ਰਾਤ ਇੱਕ ਕਰਕੇ ਮਿਹਨਤ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਲਗਭਗ 1,000 ਏਕੜ ਰਕਬੇ ਉੱਪਰ ਖੇਤੀਬਾੜੀ ਲਈ ਸੀਵਰੇਜ ਦੇ ਸੋਧੇ ਹੋਏ ਪਾਣੀ ਦੀ ਵਰਤੋਂ ਕੀਤੀ ਜਾ ਸਕੇਗੀ ਜਿਸ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਵੱਡੀ ਮਦਦ ਮਿਲੇਗੀ। ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਗਿਰਾਵਟ ਰੋਕਣ ਲਈ ਇਸ ਤਰ੍ਹਾਂ ਦੇ ਬਦਲਵੇਂ ਸਿੰਜਾਈ ਸਰੋਤਾਂ ਨੂੰ ਵਿਕਸਿਤ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਵਾਂਗ ਇਹ ਪ੍ਰਾਜੈਕਟ ਅੱਜ ਵੀ ਅਣਗੌਲੇ ਰਹਿ ਜਾਂਦੇ ਤਾਂ ਇਹ ਸੋਧਿਆ ਪਾਣੀ ਨਾਲਿਆਂ ਵਿਚ ਅਜਾਈਂ ਜਾਣਾ ਸੀ ਪਰ ਹੁਣ ਇਹ ਨਾ ਕੇਵਲ ਵਾਹੀਯੋਗ ਜ਼ਮੀਨਾਂ ਨੂੰ ਸਿੰਜਾਈ ਪ੍ਰਦਾਨ ਕਰੇਗਾ ਸਗੋਂ ਸਾਲ ਦੇ 365 ਦਿਨ ਕਮਾਂਡ ਰਕਬੇ ਵਿੱਚ ਸੋਕੇ ਵਰਗੇ ਹਾਲਾਤ ਦੌਰਾਨ ਵੀ ਉਪਲੱਬਧ ਰਹੇਗਾ। ਉਨ੍ਹਾਂ ਨੇ ਇਸ ਪ੍ਰਾਜੈਕਟ ਦੀ ਵਿਉਂਤਬੰਦੀ ਅਤੇ ਅਮਲ ਵਿੱਚ ਸਹਿਯੋਗ ਦੇਣ ਲਈ ਪਿੰਡ ਭਵਾਨੀਗੜ੍ਹ ਅਤੇ ਕਾਕੜਾ ਦੇ ਕਿਸਾਨ ਭਾਈਚਾਰੇ ਦਾ ਧੰਨਵਾਦ ਕੀਤਾ।
ਮੀਤ ਹੇਅਰ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਸੀਵਰੇਜ ਦੇ ਸੋਧੇ ਹੋਏ ਪਾਣੀ ਦੇ ਨਾਲ-ਨਾਲ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚਾਉਣ ਲਈ ਬਹੁਤ ਵੱਡੇ ਪੱਧਰ ਉੱਪਰ ਕੰਮ ਕੀਤਾ ਹੈ, ਜਿਸ ਸਦਕਾ ਬਹੁਤ ਸਾਰੀਆਂ ਥਾਵਾਂ ਉੱਪਰ ਲਗਭਗ 40 ਸਾਲ ਬਾਅਦ ਨਹਿਰੀ ਪਾਣੀ ਪਹੁੰਚਿਆ ਹੈ।
ਇਸ ਮੌਕੇ ਮੁੱਖ ਭੂਮੀ ਪਾਲ ਪੰਜਾਬ ਮਹਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਇਹ ਪ੍ਰਾਜੈਕਟ 6 ਕਿਲੋਮੀਟਰ ਤੋਂ ਵੱਧ ਲੰਬੀ ਪਾਈਪਲਾਈਨ ਵਿਛਾ ਕੇ ਮੁਕੰਮਲ ਕੀਤਾ ਗਿਆ ਹੈ, ਜਿਸ ਨਾਲ 45 ਕਿਸਾਨ ਪਰਿਵਾਰਾਂ ਦੇ 330 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ। ਉਨ੍ਹਾਂ ਸਿੰਜਾਈ ਦੀਆਂ ਕੁਸ਼ਲ ਤਕਨੀਕਾਂ ਅਪਣਾਉਣ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਤਰਫ਼ੋਂ ਆਪ ਆਗੂ ਮਨਦੀਪ ਸਿੰਘ ਲੱਖੇਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਲ ਸਰੋਤ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ ਕੀਤਾ।
ਇਸ ਮੌਕੇ ਪਿੰਡਾਂ ਦੇ ਕਿਸਾਨਾਂ ਤੋਂ ਇਲਾਵਾ ਐਸਡੀਐਮ ਭਵਾਨੀਗੜ੍ਹ ਵਿਨੀਤ ਕੁਮਾਰ, ਪ੍ਰਗਟ ਸਿੰਘ ਢਿੱਲੋਂ, ਭੀਮ ਸਿੰਘ ਗਾੜੀਆ, ਅਵਤਾਰ ਸਿੰਘ ਤਾਰੀ ਤੇ ਗੁਰਤੇਜ ਸਿੰਘ ਵੀ ਹਾਜ਼ਰ ਸਨ।

The post ਸੀਵਰੇਜ ਦੇ ਸੋਧੇ ਹੋਏ ਪਾਣੀ ਨਾਲ ਹੋ ਸਕੇਗੀ ਹੁਣ ਸਿੰਜਾਈ appeared first on punjabitribuneonline.com.



Source link