ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਅਗਸਤ
ਸੰਗਰੂਰ ਜ਼ਿਲ੍ਹਾ ਪੁਲੀਸ ਨੇ ਥਾਣਾ ਚੀਮਾ ਦੇ ਇਲਾਕੇ ਵਿਚ ਮਿਲੀ ਅਣਪਛਾਤੀ ਔਰਤ ਦੀ ਲਾਸ਼ ਦੀ ਸਨਾਖ਼ਤ ਕਰਕੇ ਕਤਲ ਦਾ ਮਾਮਲਾ ਹਫ਼ਤੇ ਦੇ ਅੰਦਰ ਸੁਲਝਾ ਲਿਆ ਹੈ। ਪੁਲੀਸ ਨੇ ਕਤਲ ਦੇ ਦੋਸ਼ ਹੇਠ ਮ੍ਰਿਤਕਾ ਦੇ ਮਾਸੜ ਅਤੇ ਭਰਾ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੇ ਦੋ ਮੋਟਰਸਾਈਕਲ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਹਨ। ਇਥੇ ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 31 ਜੁਲਾਈ ਨੂੰ ਔਰਤ ਦੀ ਲਾਸ਼ ਕਸਬਾ ਚੀਮਾ ਦੇ ਸੁੂਏ ਵਿਚੋਂ ਮਿਲੀ, ਜਿਸ ਦੇ ਮੂੰਹ ਵਿਚ ਉਸ ਦਾ ਦੁਪੱਟਾ ਤੁੰਨਿਆ ਹੋਇਆ ਸੀ। ਸ਼ਨਾਖ਼ਤ ਲਈ ਲਾਸ਼ ਸਿਵਲ ਹਸਪਤਾਲ ਸੁਨਾਮ ਰੱਖੀ ਗਈ। 4 ਅਗਸਤ ਨੂੰ ਪੋਸਟਮਾਰਟਮ ਕਰਵਾਇਆ ਗਿਆ, ਜਿਸ ਮਗਰੋਂ ਲਾਸ਼ ਦੀ ਸਨਾਖ਼ਤ ਮਨਦੀਪ ਕੌਰ ਉਰਫ਼ ਮੀਤਾ ਉਮਰ ਕਰੀਬ 28 ਸਾਲ ਵਾਸੀ ਧਰਮਗੜ੍ਹ ਦੇ ਤੌਰ ’ਤੇ ਉਸ ਦੇ ਪਰਿਵਾਰ ਵਲੋਂ ਕੀਤੀ ਗਈ।
ਮ੍ਰਿਤਕਾ ਦੇ ਪਿਤਾ ਹਰਬੰਸ ਸਿੰਘ ਦੇ ਬਿਆਨ ’ਤੇ ਕਤਲ ਦੇ ਦੋਸ਼ ਹੇਠ ਨਾਮਾਲੂਮ ਵਿਅਕਤੀਆਂ ਖ਼ਿਲਾਫ਼ 4 ਅਗਸਤ ਨੂੰ ਕੇਸ ਦਰਜ ਕੀਤਾ ਗਿਆ। ਕਤਲ ਦੀ ਗੁੱਥੀ ਸੁਲਝਾਉਣ ਲਈ ਪੁਲੀਸ ਵਲੋਂ ਕੀਤੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮਨਦੀਪ ਕੌਰ ਉਰਫ਼ ਮੀਤਾ ਦੀ ਸ਼ਾਦੀ ਮਹਿਲਾਂ ਚੌਕ ਵਿਖੇ ਹੋਈ ਸੀ, ਜਿਸ ਮਗਰੋਂ ਇਸਦੇ ਤਿੰਨ ਲੜਕੀਆਂ ਵੀ ਸਨ। ਵਿਆਹੁਤਾ ਜੀਵਨ ਦੌਰਾਨ ਮ੍ਰਿਤਕਾ ਦੀ ਸਹੁਰੇ ਪਿੰਡ ਦੇ ਹੀ ਨੌਜਵਾਨ ਸੰਦੀਪ ਸਿੰਘ ਨਾਲ ਕਥਿਤ ਗੱਲਬਾਤ ਹੋ ਗਈ, ਜਿਸ ਕਾਰਨ ਇਹ ਆਪਣੇ ਬੱਚਿਆਂ ਨੂੰ ਸਹੁਰੇ ਘਰ ਛੱਡ ਕੇ ਉਸ ਨਾਲ ਰਹਿਣ ਲੱਗ ਪਈ। ਧੂਰੀ ਵਿਖੇ ਰਹਿੰਦਿਆਂ 29 ਜੁਲਾਈ ਨੂੰ ਸੰਦੀਪ ਵੀ ਫੋਨ ਬੰਦ ਕਰਕੇ ਕਿਤੇ ਚਲਾ ਗਿਆ। ਫਿਰ 30 ਜੁਲਾਈ ਨੂੰ ਮਨਦੀਪ ਕੌਰ ਆਪਣੇ ਮਾਸੀ ਕੋਲ ਪਿੰਡ ਖਡਿਆਲ ਚਲੀ ਗਈ। ਮਾਸੀ ਵਲੋਂ ਰੱਖਣ ਤੋਂ ਇਨਕਾਰ ਕਰਨ ’ਤੇ ਉਸੇ ਦਿਨ ਆਪਣੇ ਮਾਸੜ ਚਰਨਜੀਤ ਸਿੰਘ ਵਾਸੀ ਬੰਗਾਂਵਾਲੀ ਕੋਲ ਰਹਿਣ ਲਈ ਗੱਲਬਾਤ ਕਰਕੇ ਖਡਿਆਲ ਤੋਂ ਬਾਅਦ ਦੁਪਹਿਰ ਦੋ ਵਜੇ ਮਸਤੂਆਣਾ ਸਾਹਿਬ ਪੁੱਜ ਗਈ। ਮਾਸੜ ਨੇ ਮਨਦੀਪ ਕੌਰ ਨੂੰ ਮਸਤੂਆਣਾ ਸਾਹਿਬ ਤੋਂ ਲਿਆਉਣ ਤੋਂ ਪਹਿਲਾਂ ਮਨਦੀਪ ਦੇ ਭਰਾ ਬਲਕਾਰ ਸਿੰਘ ਵਾਸੀ ਧਰਮਗੜ੍ਹ ਨਾਲ ਗੱਲਬਾਤ ਕਰਕੇ ਸਾਜ਼ਿਸ਼ ਘੜੀ। ਇਸ ਤਹਿਤ ਚਰਨਜੀਤ ਸਿੰਘ ਉਸ ਨੂੰ ਆਪਣੇ ਮੋਟਰਸਾਈਕਲ ’ਤੇ ਮਸਤੂਆਣਾ ਤੋਂ ਪਿੰਡ ਹਰੇੜੀ ਤੋਂ ਪਹਿਲਾਂ ਨਾਲੇ ਦੀ ਪਟੜੀ ਅੱਗੇ ਲਿਜਾ ਕੇ ਸੂਏ ਦੀ ਪਟੜੀ ’ਤੇ ਮੋਟਰਸਾਈਕਲ ਰੋਕ ਲਿਆ, ਜਿਥੇ ਮ੍ਰਿਤਕਾ ਦਾ ਸਕਾ ਭਰਾ ਬਲਕਾਰ ਸਿੰਘ ਪਹਿਲਾਂ ਹੀ ਉਥੇ ਮੌਜੂਦ ਸੀ। ਭਰਾ ਨੇ ਆਪਣੀ ਭੈਣ ਨੂੰ ਵਾਲਾਂ ਤੋਂ ਫੜ੍ਹ ਕੇ ਥੱਲੇ ਸੁੱਟ ਲਿਆ ਅਤੇ ਗਲ੍ਹਾ ਘੁੱਟ ਕੇ ਮਾਰ ਦਿੱਤੀ। ਮਾਸੜ ਚਰਨਜੀਤ ਸਿੰਘ ਨੇ ਉਸ ਦੀਆਂ ਦੋਵੇਂ ਲੱਤਾਂ ਦੱਬ ਕੇ ਰੱਖੀਆਂ। ਫਿਰ ਇਨ੍ਹਾਂ ਨੇ ਮਨਦੀਪ ਕੌਰ ਦਾ ਦੁਪੱਟਾ ਉਸ ਦੇ ਮੂੰਹ ਵਿਚ ਤੁੰਨ ਕੇ ਲਾਸ਼ ਨੂੰ ਸੂਏ ਵਿਚ ਸੁੱਟ ਦਿੱਤਾ ਅਤੇ ਉਥੋਂ ਚਲੇ ਗਏ। ਪੁਲੀਸ ਨੇ ਚਰਨਜੀਤ ਸਿੰਘ ਉਰਫ਼ ਕਾਲਾ ਵਾਸੀ ਬੰਗਾਂਵਾਲੀ ਅਤੇ ਬਲਕਾਰ ਸਿੰਘ ਉਰਫ਼ ਬੰਸਾਂ ਵਾਸੀ ਧਰਮਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
The post ਸੰਗਰੂਰ ਜ਼ਿਲ੍ਹਾ ਪੁਲੀਸ ਵਲੋਂ ਔਰਤ ਦੇ ਕਤਲ ਦੇ ਦੋਸ਼ ’ਚ ਮਾਸੜ ਤੇ ਭਰਾ ਗ੍ਰਿਫ਼ਤਾਰ appeared first on punjabitribuneonline.com.