ਸੜਕ ਹਾਦਸਿਆਂ ਵਿੱਚ ਦੋ ਹਲਾਕ

ਸੜਕ ਹਾਦਸਿਆਂ ਵਿੱਚ ਦੋ ਹਲਾਕ


ਪੱਤਰ ਪ੍ਰੇਰਕ
ਗੜ੍ਹਸ਼ੰਕਰ, 13 ਅਗਸਤ
ਸਥਾਨਕ ਚੰਡੀਗੜ੍ਹ-ਹੁਸ਼ਿਆਰਪੁਰ ਮੁੱਖ ਮਾਰਗ ’ਤੇ ਪਿੰਡ ਪਦਰਾਣਾ ਕੋਲ ਰਵੀ ਢਾਬੇ ਨੇੜੇ ਲੰਘੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਉਸਦਾ ਦੋਸਤ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਢਿਲੋਂ (26) ਪੁੱਤਰ ਸੂਬੇਦਾਰ ਕੇਵਲ ਸਿੰਘ ਪਿੰਡ ਭੱਜਲ ਅਤੇ ਜ਼ਖਮੀ ਦੀ ਪਛਾਣ ਲਵਪ੍ਰੀਤ ਸਿੰਘ ਪਿੰਡ ਭੱਜਲ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਮਨਾ ਕੇ ਵਾਪਸ ਘਰ ਪਰਤ ਰਹੇ ਸਨ ਕਿ ਹਾਈਵੇਅ ਉੱਤੇ ਸਥਾਨਕ ਰਵੀ ਢਾਬੇ ਨੇੜੇ ਅੱਗਿਓਂ ਆ ਰਹੇ ਇੱਕ ਵਾਹਨ ਦੀ ਤੇਜ਼ ਰੌਸ਼ਨੀ ਅੱਖਾਂ ਵਿੱਚ ਪੈਣ ਨਾਲ ਉਨਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਤੇ ਸੜਕ ਕਿਨਾਰੇ ਖੜ੍ਹੀ ਟਰਾਲੀ ਨਾਲ ਟਕਰਾ ਗਿਆ ਜਿਸ ਕਰਕੇ ਮੋਟਰਸਾਈਕਲ ਚਲਾ ਰਹੇ ਦਿਲਪ੍ਰੀਤ ਦੀ ਛਾਤੀ ‘ਤੇ ਗੰਭੀਰ ਸੱਟ ਲੱਗ ਗਈ। ਇਸ ਮੌਕੇ ਦਿਲਪ੍ਰੀਤ ਦੇ ਦੋਸਤ ਘਟਨਾ ਸਥਾਨ ’ਤੇ ਪੁੱਜ ਗਏ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਪੁਜਾਇਆ ਜਿੱਥੋਂ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਦੇਖਦਿਆਂ ਉਸਨੂੰ ਨਵਾਂ ਸ਼ਹਿਰ ਰੈਫਰ ਕਰ ਦਿਤਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਲਵਪ੍ਰੀਤ ਸਿੰਘ ਜ਼ੇਰੇ ਇਲਾਜ ਹੈ। ਦੱਸਣਯੋਗ ਹੈ ਕਿ ਦਿਲਪ੍ਰੀਤ ਸਿੰਘ ਇਲਾਕੇ ਵਿੱਚ ਸਮਾਜ ਸੇਵੀ ਨੌਜਵਾਨ ਵਜੋਂ ਜਾਣੀ ਪਛਾਣੀ ਸ਼ਖ਼ਸੀਅਤ ਸੀ। ਦਿਲਪ੍ਰੀਤ ਸਿੰਘ ਦੇ ਸਸਕਾਰ ਮੌਕੇ ਇਲਾਕੇ ਦੀਆਂ ਰਾਜਸੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।
ਫਗਵਾੜਾ (ਪੱਤਰ ਪ੍ਰੇਰਕ): ਇੱਥੇ ਬੰਗਾ ਰੋਡ ’ਤੇ ਇੱਕ ਮੋਟਰਸਾਈਕਲ ਸਲਿੱਪ ਹੋ ਕੇ ਆਟੋ ’ਚ ਵੱਜਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਜਤਿੰਦਰ ਸਿੰਘ (48) ਪੁੱਤਰ ਜਸਬੀਰ ਸਿੰਘ ਵਾਸੀ ਗੁਰੂ ਨਾਨਕਪੁਰਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜਤਿੰਦਰ ਸਿੰਘ ਆਪਣੇ ਕੰਮ ’ਤੇ ਨਵਾਂ ਸ਼ਹਿਰ ਜਾ ਰਿਹਾ ਸੀ ਕਿ ਜਦੋਂ ਬੰਗਾ ਰੋਡ ’ਤੇ ਥਾਣਾ ਸਿਟੀ ਤੋਂ ਥੋੜ੍ਹਾ ਅੱਗੇ ਪੁੱਜਿਆ ਤਾਂ ਆਟੋ ਅੱਗੇ ਆਉਣ ਕਾਰਨ ਉਸਨੇ ਬਰੇਕ ਮਾਰ ਦਿੱਤੀ ਤੇ ਬੇਕਾਬੂ ਹੋ ਕੇ ਆਟੋ ਨਾਲ ਟਕਰਾ ਗਿਆ ਜਿਸ ਕਾਰਨ ਉਸਦੇ ਸਿਰ ’ਚ ਗੰਭੀਰ ਸੱਟ ਲੱਗ ਗਈ ਤੇ ਉਸਦੀ ਮੌਤ ਹੋ ਗਈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

The post ਸੜਕ ਹਾਦਸਿਆਂ ਵਿੱਚ ਦੋ ਹਲਾਕ appeared first on punjabitribuneonline.com.



Source link