ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 14 ਅਗਸਤ
ਕੌਮੀ ਰਾਜਧਾਨੀ ਦਿੱਲੀ ’ਚ 77ਵੇਂ ਆਜ਼ਾਦੀ ਦਿਹਾੜੇ ਦੇ ਸਬੰਧ ’ਚ ਭਲਕੇ ਲਾਲ ਕਿਲੇ ’ਤੇ ਕੌਮੀ ਸਮਾਗਮ ਤੋਂ ਇਲਾਵਾ ਦਿੱਲੀ ਸਰਕਾਰ, ਦਿੱਲੀ ਨਗਰ ਨਿਗਮ, ਨਵੀਂ ਦਿੱਲੀ ਨਗਰ ਪਰਿਸ਼ਦ ਤੇ ਸਥਾਨਕ ਸੰਸਥਾਵਾਂ ਵੱਲੋਂ ਵੱਖ-ਵੱਖ ਸਮਾਗਮ ਕਰਵਾਏ ਜਾਣੇ ਹਨ। ਜਿਨ੍ਹਾਂ ਲਈ ਲੋਕਾਂ ’ਚ ਭਾਰੀ ਉਤਸ਼ਾਹ ਹੈ। ਜਾਣਕਾਰੀ ਅਨੁਸਾਰ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਦੇ ਮੱਦੇਨਜ਼ਰ ਸ਼ਹਿਰ ’ਚ ਹਰ ਪਾਸੇ ਤਿਰੰਗੇ ਦੇ ਕੇਸਰੀ, ਸਫੈਦ ਤੇ ਹਰਾ ਰੰਗ ਨਜ਼ਰ ਆ ਰਹੇ ਹਨ।
ਲਾਲ ਕਿਲੇ ’ਤੇ ਹਰ ਪਾਸੇ ਤਿਰੰਗਾ ਹੀ ਨਜ਼ਰ ਆ ਰਿਹਾ ਹੈ। ਕੇਂਦਰ ਸਰਕਾਰ ਦੇ ਅਹਿਮ ਮੰਤਰਾਲੇ ਰੇਲਵੇ ਦੇ ਹੈੱਡਕੁਆਰਟਰ ਦੀ ਇਮਾਰਤ ਰੇਲ ਭਵਨ ਅਤੇ ਕ੍ਰਿਸ਼ੀ ਭਵਨ ਨੂੰ ਕੇਸਰੀ, ਚਿੱਟੀ ਤੇ ਹਰੀ ਰੌਸ਼ਨੀ ਨਾਲ ਜਗ-ਮਗ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਨ੍ਹਾਂ ਇਮਰਾਤਾਂ ਨੂੰ ਗੂੜ੍ਹੇ ਨੀਲੇ ਤੇ ਗੁਲਾਬੀ ਰੰਗ ਦੀਆਂ ਬੱਤੀਆਂ ਨਾਲ ਸ਼ਿੰਗਾਰਿਆ ਗਿਆ ਹੈ।
ਇਸੇ ਤਰ੍ਹਾਂ ਲੋਕ ਨਿਰਮਾਣ ਵਿਭਾਗ ਤੇ ਦਿੱਲੀ ਨਗਰ ਨਿਗਮ ਵੱਲੋਂ ਦਿੱਲੀ ਦੀਆਂ ਕਈ ਅਹਿਮ ਸੜਕਾਂ ਦੇ ਡਿਵਾਈਡਰਾਂ ’ਚ ਲੱਗੇ ਖੰਭਿਆਂ ਨੂੰ ਤਿਰੰਗੇ ਦੇ ਰੰਗ ਦੀਆਂ ਰੌਸ਼ਨੀਆਂ ਨਾਲ ਸਜਾਇਆ ਗਿਆ ਹੈ। ਸਰਕਾਰੀ ਤੇ ਅਰਧ ਸਰਕਾਰੀ ਇਮਾਰਤਾਂ ਤੇ ਤਿਰੰਗਾ ਝੂਲਦੇ ਦਿਖਾਈ ਦਿੰਦਾ ਹੈ।
ਸੁਰੱਖਿਆ ਬਲਾਂ ਨੇ ਸ਼ਹਿਰ ਵਿੱਚ ਚੌਕਸੀ ਵਧਾਈ
ਆਜ਼ਾਦੀ ਦਿਹਾੜੇ ਨੂੰ ਲੈ ਕੇ ਦਿੱਲੀ ਪੁਲੀਸ ਤੇ ਸੁਰੱਖਿਆ ਬਲ ਹਾਈ ਅਲਰਟ ’ਤੇ ਹਨ। ਜਾਣਕਾਰੀ ਅਨੁਸਾਰ ਦਿੱਲੀ ਪੁਲੀਸ ਤੇ ਤੇ ਕੇਂਦਰੀ ਸੁਰੱਖਿਆ/ਖੁਫ਼ੀਆ ਏਜੰਸੀਆਂ ਦਾ ਤਾਲਮੇਲ ਸਦਕਾ ਸ਼ਹਿਰ ਦੇ ਹਰ ਚੌਕ ’ਤੇ ਪੁਲੀਸ ਸੁਰੱਖਿਆ ਬਲਾਂ ਦੇ ਜਵਾਨਾਂ ਤਾਇਨਾਤ ਹਨ, ਜੋ ਸ਼ੱਕੀ ਵਿਕਤੀਆਂ ਤੇ ਵਾਹਨਾਂ ’ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਜਾ ਰਹੀ ਹੈ। ਮੁੱਖ ਸਮਾਗਮ ਵਾਲੀ ਥਾਂ ਲਾਲ ਕਿਲ੍ਹੇ ਦੇ ਸਾਹਮਣੇ ਚਾਂਦਨੀ ਚੌਕ ’ਚ ਕੱਪੜੇ ਦੀ ਉੱਚੀ ਕੰਧ ਉਸਾਰੀ ਗਈ ਹੈ ਤਾਂ ਜੋ ਡਰੋਨ ਆਦਿ ਤੋਂ ਬਚਿਆ ਜਾ ਸਕੇ। ਇਸ ਤੋਂ ਇਲਾਵਾ ਪੁਲੀਸ ਨੇ ਸ਼ਹਿਰ ਵਿੱਚ ਭਲਕੇ ਤੱਕ ਭਾਰੀ ਵਾਹਨਾਂ ’ਤੇ ਪਾਬੰਦੀ ਲਾਈ ਹੈ।
ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ੇਸ਼ ਵਾਰਡ ਸਥਾਪਤ
ਏਮਜ਼, ਸਫਦਰਜੰਗ, ਆਰਐੱਮਐੱਲ ਤੇ ਲੋਕਨਾਇਕ ਵਰਗੇ ਵੱਡੇ ਹਸਪਤਾਲ ਰੈੱਡ ਅਲਰਟ ‘ਤੇ ਹਨ। ਇਨ੍ਹਾਂ ਹਸਪਤਾਲਾਂ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਨ ’ਤੇ ਵਿਸ਼ੇਸ਼ ਵਾਰਡ ਤਿਆਰ ਕੀਤ ਗਏ ਹਨ। ਇਸ ਤੋਂ ਇਲਾਵਾ ਐਮਰਜੈਂਸੀ ਵਿੱਚ ਵਾਧੂ ਡਾਕਟਰ, ਨਰਸਿੰਗ ਸਟਾਫ਼ ਅਤੇ ਪੈਰਾ-ਮੈਡੀਕਲ ਸਟਾਫ਼ ਤਾਇਨਾਤ ਕੀਤਾ ਗਿਆ ਹੈ ਅਤੇ ਮੈਡੀਕਲ ਸੇਵਾਵਾਂ ਨੂੰ ਸੁਚਾਰੂ ਰੱਖਿਆ ਗਿਆ ਹੈ ਤਾਂ ਜੋ ਲੋੜ ਪੈਣ ‘ਤੇ ਜਲਦੀ ਹੀ ਲੋਕਾਂ ਨੂੰ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਲੋਕ ਨਾਇਕ ਹਸਪਤਾਲ ਲਾਲ ਕਿਲੇ ਦੇ ਸਭ ਤੋਂ ਨੇੜੇ ਹੈ। ਇਸ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ 50 ਬੈੱਡ ਤਿਆਰ ਸਥਾਪਿਤ ਕੀਤੇ ਗਏ ਹਨ, ਜਿੱਥੇ ਦਵਾਈਆਂ ਅਤੇ ਖਾਣ-ਪੀਣ ਦੀਆਂ ਵਸਤਾਂ ਦੇ ਪੁਖਤਾ ਪ੍ਰਬੰਧ ਹਨ। ਹਸਪਤਾਲ ਦੇ ਡਾਇਰੈਕਟਰ ਡਾ. ਸੁਰੇਸ਼ ਕੁਮਾਰ ਨੇ ਦੱਸਿਆ ਕਿ 15 ਅਗਸਤ ਨੂੰ ਐਮਰਜੈਂਸੀ ਵਿਚ 50 ਡਾਕਟਰਾਂ, ਨਰਸਿੰਗ ਤੇ ਪੈਰਾ ਮੈਡੀਕਲ ਸਟਾਫ਼ ਦੀ ਟੀਮ ਤਾਇਨਾਤ ਕੀਤੀ ਗਈ ਹੈ| ਹਸਪਤਾਲ ਦੇ ਬਲੱਡ ਬੈਂਕ ਵਿੱਚ 200 ਯੂਨਿਟ ਖੂਨ ਤਿਆਰ ਰੱਖਿਆ ਗਿਆ ਹੈ। ਇੱਕ ਐਂਬੂਲੈਂਸ ਵੀ ਤਿਆਰ ਰੱਖੀ ਗਈ ਹੈ।
The post ਆਜ਼ਾਦੀ ਦਿਹਾੜਾ: ਤਿਰੰਗੇ ਦੇ ਰੰਗ ਵਿੱਚ ਰੰਗੀ ਦਿੱਲੀ appeared first on punjabitribuneonline.com.