ਚੰਡੀਗੜ੍ਹ, 16 ਅਗਸਤ
ਮਲਟੀ-ਨੈਸ਼ਨਲ ਕੰਪਨੀ (ਐੱਮਐੱਨਸੀ) ਲਈ ਚੁਣੇ ਜਾਣ ’ਤੇ ਸੂਬੇ ਦੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਪੰਜਾਬ ਦੇ ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਅਮਨ ਅਰੋੜਾ ਨੇ ਅੱਜ ਇੱਥੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਦਫ਼ਤਰ ਵਿਖੇ 15 ਉਮੀਦਵਾਰਾਂ ਨੂੰ ਆਫ਼ਰ ਲੈਟਰ ਅਤੇ ਲੈਪਟਾਪ ਸੌਂਪੇ। ਐੱਚਸੀਐੱਲ ਦੇ ਟੈਕ ਬੀ ਪ੍ਰੋਗਰਾਮ ਲਈ ਚੁਣੇ ਇਨ੍ਹਾਂ 15 ਵਿਦਿਆਰਥੀਆਂ ਦੀ ਚੋਣ ਮੁਹਾਲੀ, ਬਠਿੰਡਾ, ਪਟਿਆਲਾ, ਸੰਗਰੂਰ, ਫਿਰੋਜ਼ਪੁਰ ਅਤੇ ਲੁਧਿਆਣਾ ਸਥਿਤ ਛੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਕੀਤੀ ਗਈ ਹੈ। ਇਹ ਪਹਿਲਕਦਮੀ ਐੱਚਸੀਐੱਲ ਦੇ ਟੈੱਕ ਬੀ ਪ੍ਰੋਗਰਾਮ ਦਾ ਹਿੱਸਾ ਹੈ, ਜੋ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜੋ ਗਣਿਤ/ਬਿਜ਼ਨਸ ਮੈਥੇਮੈਟਿਕਸ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਸੂਚਨਾ ਤਕਨਾਲੋਜੀ (ਆਈ.ਟੀ.) ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਹਨ।
ਇਸ ਪ੍ਰੋਗਰਾਮ ਲਈ ਚੁਣੇ ਜਾਣ ‘ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸ੍ਰੀ ਅਰੋੜਾ ਨੇ ਉਨ੍ਹਾਂ ਨੂੰ ਜ਼ਿੰਦਗੀ ਵਿਚ ਆਪਣੇ ਟੀਚੀਆਂ ਦੀ ਪ੍ਰਾਪਤੀ ਲਈ ਇਕਾਗਰ ਚਿੱਤ ਹੋ ਕੇ ਹੋਰ ਮਿਹਨਤ ਕਰਨ ਵਾਸਤੇ ਪ੍ਰੇਰਿਤ ਕੀਤਾ। ਮੰਤਰੀ ਨੇ ਐੱਚਸੀਐੱਲ ਟੀਮ ਨੂੰ ਇਸ ਰੁਜ਼ਗਾਰ ਗਾਰੰਟੀ ਪ੍ਰੋਗਰਾਮ ਦਾ ਦਾਇਰਾ ਹੋਰ ਸਰਕਾਰੀ ਸਕੂਲਾਂ ਤੱਕ ਵਧਾਉਣ ਲਈ ਵੀ ਕਿਹਾ। ਰੁਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਾਇਰੈਕਟਰ-ਕਮ-ਮਿਸ਼ਨ ਡਾਇਰੈਕਟਰ ਪੀਐੱਸਡੀਐੱਮ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਦੋ ਪੜਾਵਾਂ ਵਿੱਚ ਵੰਡਿਆ ਗਿਆ ਹੈ। ਪਹਿਲੇ ਪੜਾਅ ਵਿੱਚ ਛੇ-ਮਹੀਨੇ ਦੀ ਕਲਾਸਰੂਮ ਸਿਖਲਾਈ (ਸੀਆਰਟੀ) ਦਿੱਤੀ ਜਾਂਦੀ ਹੈ, ਜਿਸ ਉਪਰੰਤ 6-ਮਹੀਨੇ ਦੀ ਇੰਟਰਨਸ਼ਿਪ ਹੁੰਦੀ ਹੈ। ਪ੍ਰੋਗਰਾਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਤੋਂ ਬਾਅਦ, ਵਿਦਿਆਰਥੀਆਂ ਨੂੰ ਐੱਚਸੀਐੱਲ ਵੱਲੋਂ ਭਰਤੀ ਕੀਤਾ ਜਾਵੇਗਾ ਅਤੇ ਐੱਚਸੀਐੱਲ ਤੋਂ ਵਿੱਤੀ ਸਹਿਯੋਗ ਨਾਲ ਬੀਆਈਟੀਐੱਸ ਪਿਲਾਨੀ, ਅਮਿਟੀ ਯੂਨੀਵਰਸਿਟੀ, ਆਈਆਈਐੱਮ ਨਾਗਪੁਰ ਅਤੇ ਸਾਸਤਰਾ (ਐੱਸਏਐੱਸਟੀਆਰਏ) ਯੂਨੀਵਰਸਿਟੀ ਵਰਗੀਆਂ ਨਾਮਵਰ ਯੂਨੀਵਰਸਿਟੀਆਂ ਵਿੱਚ ਉਚੇਰੀ ਸਿੱਖਿਆ ਹਾਸਲ ਕਰਨ ਦਾ ਵੀ ਮੌਕਾ ਮਿਲੇਗਾ।
The post ਮੈਰੀਟੋਰੀਅਸ ਸਕੂਲਾਂ ਦੇ 15 ਵਿਦਿਆਰਥੀਆਂ ਦੀ ਐੱਮਐੱਨਸੀ ’ਚ ਚੋਣ, ਅਰੋੜਾ ਨੇ ਲੈਪਟਾਪ ਦੇ ਕੇ ਕੀਤਾ ਸਨਮਾਨ appeared first on punjabitribuneonline.com.