ਕਿਸਾਨਾਂ ਨੇ ਜ਼ਮੀਨ ਦੀ ਨਿਲਾਮੀ ਰੁਕਵਾਈ

ਕਿਸਾਨਾਂ ਨੇ ਜ਼ਮੀਨ ਦੀ ਨਿਲਾਮੀ ਰੁਕਵਾਈ


ਪੱਤਰ ਪ੍ਰੇਰਕ
ਮਾਨਸਾ, 17 ਅਗਸਤ
ਇੱਥੋਂ ਨੇੜਲੇ ਪਿੰਡ ਖਿੱਲਣ ਦੇ ਕਿਸਾਨ ਜਗਸੀਰ ਸਿੰਘ ਦੀ ਜ਼ਮੀਨ ਦੀ ਨਿਲਾਮੀ ਉਸ ਵੇਲੇ ਰੁਕ ਗਈ, ਜਦੋਂ ਉਸ ਦੇ ਹੱਕ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਆਗੂਆਂ ਨੇ ਝੰਡੇ ਚੁੱਕ ਲਏ। ਜਥੇਬੰਦੀ ਦੇ ਵਿਰੋਧ ਕਾਰਨ ਅਧਿਕਾਰੀ ਬਿਨਾਂ ਕਾਰਵਾਈ ਕੀਤੇ ਵਾਪਸ ਚਲੇ ਗਏ। ਇਸ ਮਗਰੋਂ ਜਥੇਬੰਦੀ ਨੇ ਜੇਤੂ ਰੈਲੀ ਕਰਕੇ ਕਿਸੇ ਕਿਸਾਨ ਦੀ ਜ਼ਮੀਨ ਤੇ ਮਜ਼ਦੂਰ ਦਾ ਘਰ ਨਿਲਾਮ ਨਾ ਹੋਣ ਹੋਕਾ ਦਿੱਤਾ। ਪਹਿਲਾਂ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਮਾਨਸਾ ਬਲਾਕ ਪ੍ਰਧਾਨ ਜਗਸੀਰ ਸਿੰਘ ਜਵਾਹਰਕੇ ਨੇ ਦੱਸਿਆ ਕਿ ਇਹ ਨਿਲਾਮੀ ਕਿਸਾਨ ਕੋਲੋ ਸਿਰਫ 4,78,000 ਰੁਪਏ ਲੈਣ ਬਦਲੇ ਮਾਨਸਾ ਦੇ ਆੜ੍ਹਤੀਏ ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰੋਨਾ ਅਤੇ ਹੋਰ ਕੁਦਰਤੀ ਆਫ਼ਤਾਂ ਕਰਕੇ ਕਿਸਾਨ ਦੀ ਮਾਲੀ ਹਾਲਾਤ ਬਹੁਤ ਖਰਾਬ ਹੋ ਚੁੱਕੀ ਸੀ, ਜਿਸ ਕਰਕੇ ਕਰਜ਼ਾ ਵਾਪਸ ਨਹੀਂ ਕਰ ਸਕਿਆ। ਜਥੇਬੰਦੀ ਦੇ ਆਗੂ ਭਾਨ ਸਿੰਘ ਬਰਨਾਲਾ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਰਜ਼ਾ ਖ਼ਤਮ ਕਰਨ ਤੇ ਫ਼ਸਲ ਦੀ ਪੂਰੀ ਰਕਮ ਦੇਣ ਦੇ ਭਰੋਸੇ ਦੇ ਰਹੀ ਹੈ ਅਤੇ ਇਸ ਦੇ ਉਲਟ ਨਿਲਾਮੀਆਂ, ਕੁਰਕੀਆਂ ਦੇ ਨੋਟਿਸ ਕਿਸਾਨਾਂ ਦੇ ਘਰਾਂ ਵਿੱਚ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਦਾ ਵਿਰੋਧ ਕਰਦੀ ਹੈ ਅਤੇ ਭਵਿੱਖ ਵਿੱਚ ਵੀ ਕਿਸੇ ਕਿਸਾਨ ਦੀ ਜ਼ਮੀਨ ਜਾਂ ਮਜ਼ਦੂਰ ਦਾ ਘਰ ਕੁਰਕ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਮਹਿੰਦਰ ਸਿੰਘ ਖੜਕ ਸਿੰਘ ਵਾਲਾ, ਦਰਸ਼ਨ ਸਿੰਘ ਖਿੱਲਣ, ਜਸਕਰਨ ਸਿੰਘ ਖਿੱਲਣ, ਮਹਿੰਦਰ ਸਿੰਘ ਖਿੱਲਣ ਨੇ ਵੀ ਸੰਬੋਧਨ ਕੀਤਾ।

The post ਕਿਸਾਨਾਂ ਨੇ ਜ਼ਮੀਨ ਦੀ ਨਿਲਾਮੀ ਰੁਕਵਾਈ appeared first on punjabitribuneonline.com.



Source link