ਨਾਸਿਕ, 21 ਅਗਸਤ
ਕੇਂਦਰ ਸਰਕਾਰ ਵੱਲੋਂ ਪਿਆਜ਼ ਦੀ ਬਰਾਮਦ ’ਤੇ 31 ਦਸੰਬਰ ਤੱਕ 40 ਫੀਸਦ ਡਿਊਟੀ ਲਾਉਣ ਦੇ ਫੈਸਲੇ ਖ਼ਿਲਾਫ਼ ਕਿਸਾਨਾਂ ਨੇ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਅੱਜ ਪ੍ਰਦਰਸ਼ਨ ਕੀਤੇ। ਉਨ੍ਹਾਂ ਦਾ ਦਾਅਵਾ ਹੈ ਕਿ ਕੇਂਦਰ ਦੇ ਫੈਸਲੇ ਨਾਲ ਪਿਆਜ਼ ਦੀ ਚੰਗੀ ਕੀਮਤ ਹਾਸਲ ਕਰਨ ਦੀ ਸੰਭਾਵਨਾ ਵਿੱਚ ਅੜਿੱਕਾ ਪੈਦਾ ਹੋਵੇਗਾ। ਪ੍ਰਦਰਸ਼ਨ ਤਹਿਤ ਨਾਸਿਕ-ਔਰੰਗਾਬਾਦ ਮਾਰਗ ’ਤੇ ਧਰਨਾ ਦਿੱਤਾ ਗਿਆ ਜਿੱਥੇ ਕਿਸਾਨਾਂ ਨੇ ਪਿਆਜ਼ ਨਾਲ ਬਣੀਆਂ ਮਾਲਾਵਾਂ ਪਹਿਨੀਆਂ ਅਤੇ ਕੇਂਦਰ ਦੇ ਫੈਸਲੇ ਖ਼ਿਲਾਫ਼ ਨਾਅਰੇ ਲਗਾਏ।
ਮਰਹੂਮ ਸ਼ਰਦ ਜੋਸ਼ੀ ਦੇ ਸ਼ੇਤਕਾਰੀ ਸੰਗਠਨ ਦੇ ਕਾਰਕੁਨਾਂ ਨੇ ਵੀ ਮਨਮਾੜ-ਯੇਵਲਾ ਮਾਰਗ ’ਤੇ ਯੇਵਲਾ ਏਪੀਐੱਮਸੀ ਦੇ ਸਾਹਮਣੇ ‘ਰਸਤਾ ਰੋਕੋ’ ਪ੍ਰਦਰਸ਼ਨ ਕੀਤਾ ਅਤੇ ਪਿਆਜ਼ ਦੀ ਬਰਾਮਦ ਡਿਊਟੀ ਲਾਉਣ ਦੇ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਲਗਪਗ 30 ਮਿੰਟਾਂ ਤੱਕ ਚੱਲੇ ਵਿਰੋਧ ਪ੍ਰਦਰਸ਼ਨ ਕਰ ਕੇ ਮੁੱਖ ਸੜਕ ’ਤੇ ਗੱਡੀਆਂ ਦੀਆਂ ਕਤਾਰਾਂ ਲੱਗ ਗਈਆਂ।
ਕਿਸਾਨਾਂ ਨੇ ਕਿਹਾ ਕਿ ਉਹ ਪਹਿਲਾਂ ਹੀ ਕੁਦਰਤੀ ਆਫਤਾਂ ਤੋਂ ਪ੍ਰੇਸ਼ਾਨ ਹਨ ਅਤੇ ਬਰਾਮਦ ਡਿਊਟੀ ਲਾਉਣ ਦੇ ਫੈਸਲੇ ਕਾਰਨ ਜਿਣਸ ਤੋਂ ਚੰਗੀ ਕਮਾਈ ਦੀ ਉਨ੍ਹਾਂ ਦੀ ਸੰਭਾਵਨਾ ਹੋਰ ਘੱਟ ਹੋ ਜਾਵੇਗੀ। ਇਕ ਪ੍ਰਦਰਸ਼ਨਕਾਰੀ ਕਿਸਾਨ ਨੇ ਕਿਹਾ,‘‘ਪਹਿਲਾਂ ਤੋਂ ਸੋਕੇ ਵਰਗੇ ਹਾਲਾਤ ਹਨ। ਹੁਣ ਜਦੋਂ ਸਾਨੂੰ ਪਿਆਜ਼ ਦੀਆਂ ਚੰਗੀਆਂ ਕੀਮਤਾਂ ਮਿਲਣ ਲੱਗੀਆਂ ਹਨ ਤਾਂ ਕੇਂਦਰ ਨੇ ਇਸ ਤਰ੍ਹਾਂ ਦਾ ਫੈਸਲਾ ਲੈ ਲਿਆ। ਇਹ ਪਿਆਜ਼ ਉਤਪਾਦਕਾਂ ਨਾਲ ਅਨਿਆਂ ਹੈ।’’ -ਪੀਟੀਆਈ
ਘਰੇਲੂ ਸਪਲਾਈ ਵਧਾਉਣ ਲਈ ਸਮੇਂ ਸਿਰ ਉਠਾਇਆ ਕਦਮ: ਸਰਕਾਰ
ਨਵੀਂ ਦਿੱਲੀ: ਸਰਕਾਰ ਨੇ ਅੱਜ ਕਿਹਾ ਕਿ ਪਿਆਜ਼ ’ਤੇ 40 ਫੀਸਦ ਬਰਾਮਦ ਡਿਊਟੀ ਲਾਉਣ ਦਾ ਫੈਸਲਾ ਘਰੇਲੂ ਸਪਲਾਈ ਨੂੰ ਬੜ੍ਹਾਵਾ ਦੇਣ ਤੇ ਪ੍ਰਚੂਨ ਕੀਮਤਾਂ ਨੂੰ ਕਾਬੂ ਹੇਠ ਰੱਖਣ ਲਈ ਸਮੇਂ ’ਤੇ ਉਠਾਇਆ ਗਿਆ ਕਦਮ ਹੈ। ਪਿਆਜ਼ ਬਰਾਮਦ ’ਤੇ ਲਗਾਈ ਗਈ 40 ਫੀਸਦ ਡਿਊਟੀ ਖ਼ਿਲਾਫ਼ ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਵਿਚਾਲੇ ਸਰਕਾਰ ਨੇ ਇਹ ਗੱਲ ਕਹੀ ਹੈ। ਵਪਾਰੀ ਵੀ ਬਰਾਮਦ ਡਿਊਟੀ ਲਾਉਣ ਦੇ ਵਿਰੋਧ ਵਿੱਚ ਹਨ। ਉੱਧਰ, ਵਪਾਰੀਆਂ ਨੇ ਨਾਸਿਕ ਜ਼ਿਲ੍ਹੇ ਦੀਆਂ ਸਾਰੀਆਂ ਖੇਤੀ ਜਿਣਸ ਮਾਰਕੀਟ ਕਮੇਟੀਆਂ (ਏਪੀਐੱਮਸੀ) ਵਿੱਚ ਪਿਆਜ਼ ਦੀ ਥੋਕ ਵਿਕਰੀ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਫੈਸਲਾ ਲਿਆ ਹੈ। ਖ਼ਪਤਕਾਰ ਮਾਮਲਿਆਂ ਬਾਰੇ ਕੇਂਦਰੀ ਸਕੱਤਰ ਰੋਹਿਤ ਕੁਮਾਰ ਸਿੰਘ ਨੇ ਪੀਟੀਆਈ ਨੂੰ ਦੱਸਿਆ, ‘‘ਪਿਆਜ਼ ’ਤੇ ਬਰਾਮਦ ਡਿਊਟੀ ਲਾਉਣਾ ਕੋਈ ਸਮੇਂ ਤੋਂ ਪਹਿਲਾਂ ਲਿਆ ਗਿਆ ਫੈਸਲਾ ਨਹੀਂ ਹੈ ਬਲਕਿ ਘਰੇਲੂ ਸਪਲਾਈ ਵਧਾਉਣ ਤੇ ਵਧਦੀਆਂ ਕੀਮਤਾਂ ’ਤੇ ਰੋਕ ਲਾਉਣ ਲਈ ਇਹ ਸਮੇਂ ਸਿਰ ਲਿਆ ਗਿਆ ਫੈਸਲਾ ਹੈ।’’ -ਪੀਟੀਆਈ
The post ਪਿਆਜ਼ ’ਤੇ ਬਰਾਮਦ ਡਿਊਟੀ ਖ਼ਿਲਾਫ਼ ਕਿਸਾਨਾਂ ਵੱਲੋਂ ਨਾਸਿਕ ਵਿੱਚ ਪ੍ਰਦਰਸ਼ਨ appeared first on punjabitribuneonline.com.