ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ

ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ


ਪੱਤਰ ਪ੍ਰੇਰਕ
ਪਠਾਨਕੋਟ, 22 ਅਗਸਤ
ਬੀਤੀ ਰਾਤ ਹੋਈ ਬਾਰਸ਼ ਇੱਥੇ ਗਾਂਧੀ ਮੁਹੱਲਾ ਵਿੱਚ ਇੱਕ ਮਕਾਨ ਦੀ ਛੱਤ ਡਿੱਗ ਗਈ। ਮਕਾਨ ਵਿੱਚ ਰਹਿ ਰਿਹਾ ਪਰਿਵਾਰ ਵਾਲ-ਵਾਲ ਬਚ ਗਿਆ। ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਦੇ ਮੈਂਬਰ ਰਜਤ ਨੇ ਦੱਸਿਆ ਕਿ ਰਾਤ ਨੂੰ ਹੋਈ ਤੇਜ਼ ਬਾਰਸ਼ ਨਾਲ ਕਰੀਬ 2 ਵਜੇ ਉਨ੍ਹਾਂ ਨੂੰ ਛੱਤ ਤੋਂ ਕੁੱਝ ਡਿੱਗਣ ਦੀ ਆਵਾਜ਼ ਆਈ ਜਿਸ ਦੇ ਤੁਰੰਤ ਬਾਅਦ ਉਹ ਉਠ ਖੜ੍ਹੇ ਹੋਏ ਅਤੇ ਜਿਉਂ ਹੀ ਉਨ੍ਹਾਂ ਆਪਣੇ ਆਪ ਅਤੇ ਬੱਚਿਆਂ ਨੂੰ ਬਾਹਰ ਕੱਢਿਆ ਤਾਂ ਧੜਾਮ ਦੀ ਆਵਾਜ਼ ਨਾਲ ਮਕਾਨ ਦੀ ਸਾਰੀ ਛੱਤ ਥੱਲੇ ਆ ਡਿੱਗੀ। ਉਸ ਨੇ ਦੱਸਿਆ ਕਿ ਉਹ ਤਾਂ ਬਚ ਗਏ ਪਰ ਛੱਤ ਡਿੱਗਣ ਨਾਲ ਉਸ ਨੂੰ ਬਹੁਤ ਆਰਥਿਕ ਨੁਕਸਾਨ ਹੋ ਗਿਆ ਹੈ।

ਸੁਜਾਨਪੁਰ-ਪਠਾਨਕੋਟ ਸੜਕ ’ਤੇ ਦਰੱਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ

ਸੁਜਾਨਪੁਰ ਵਿੱਚ ਬੀਤੀ ਰਾਤ ਹੋਈ ਤੇਜ਼ ਮੀਂਹ ਕਾਰਨ ਸੁਜਾਨਪੁਰ-ਪਠਾਨਕੋਟ ਸੜਕ ਤੇ ਦਰੱਖਤ ਡਿੱਗਣ ਕਾਰਨ ਟ੍ਰੈਫਿਕ ਪ੍ਰਭਾਵਿਤ ਹੋ ਗਿਆ ਜਿਸ ਨਾਲ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਦਿੰਦੇ ਹੋਏ ਅਜੇ ਸਿੰਘ, ਕਮਲ ਕੁਮਾਰ, ਸ਼ੰਮੀ ਕੁਮਾਰ, ਪਵਨ ਸ਼ਰਮਾ, ਵਿਜੇ ਕੁਮਾਰ, ਕ੍ਰਿਪਾਲ ਸਿੰਘ ਆਦਿ ਨੇ ਦੱਸਿਆ ਕਿ ਬੀਤੀ ਰਾਤ ਹੋਈ ਤੇਜ਼ ਬਾਰਸ਼ ਕਾਰਨ ਸੁਜਾਨਪੁਰ-ਪਠਾਨਕੋਟ ਰੋਡ ਤੇ ਇੱਕ ਦਰੱਖਤ ਸੜਕ ਵਿਚਕਾਰ ਡਿੱਗ ਗਿਆ ਜਿਸ ਨਾਲ ਉਥੋਂ ਆਵਾਜਾਈ ਬੰਦ ਹੋ ਗਈ ਤੇ ਟ੍ਰੈਫਿਕ ਪ੍ਰਭਾਵਿਤ ਹੋ ਗਿਆ। ਦੁਪਹੀਆ ਵਾਹਨਾਂ ਤੇ ਆਉਣ-ਜਾਣ ਵਾਲੇ ਨੌਜਵਾਨਾਂ ਨੇ ਦਰਖਤ ਦੀ ਟਾਹਣੀਆਂ ਨੂੰ ਤੋੜ ਕੇ ਉਨ੍ਹਾਂ ਦੇ ਲੰਘਣ ਲਈ ਥੋੜ੍ਹਾ ਜਿਹਾ ਰਸਤਾ ਬਣਾ ਲਿਆ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੜਕ ਤੇ ਡਿੱਗੇ ਇਸ ਦਰਖਤ ਨੂੰ ਚੁੱਕਿਆ ਜਾਵੇ ਤਾਂ ਜੋ ਰਾਤ ਸਮੇਂ ਕੋਈ ਹਾਦਸਾ ਨਾ ਵਾਪਰ ਸਕੇ। ਇਸ ਸਬੰਧੀ ਜਦ ਸੁਜਾਨਪੁਰ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪੀਸੀਆਰ ਨੂੰ ਭੇਜ ਦਿੱਤਾ ਗਿਆ ਹੈ ਅਤੇ ਜੰਗਲਾਤ ਵਿਭਾਗ ਨਾਲ ਤਾਲਮੇਲ ਕਰਕੇ ਸੜਕ ਨੂੰ ਕਲੀਅਰ ਕੀਤਾ ਜਾਵੇਗਾ। ਇਸ ਦੇ ਇਲਾਵਾ ਸੜਕ ਦੇ ਕਿਨਾਰੇ ਜੋ ਵੀ ਸੁੱਕੇ ਦਰਖਤ ਹਨ, ਉਨ੍ਹਾਂ ਨੂੰ ਵੀ ਕਟਵਾਇਆ ਜਾਵੇਗਾ।

The post ਤੇਜ਼ ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ appeared first on punjabitribuneonline.com.



Source link