ਵਪਾਰ ਮੰਡਲ ਨੇ ਮੇਅਰ ਨੂੰ ਦੱਸੀਆਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ

ਵਪਾਰ ਮੰਡਲ ਨੇ ਮੇਅਰ ਨੂੰ ਦੱਸੀਆਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ


ਮੁਕੇਸ਼ ਕੁਮਾਰ
ਚੰਡੀਗੜ੍ਹ, 8 ਸਤੰਬਰ
ਚੰਡੀਗੜ੍ਹ ਵਪਾਰ ਮੰਡਲ ਦੇ ਵਫ਼ਦ ਨੇ ਸ਼ਹਿਰ ਦੇ ਮੇਅਰ ਅਨੂਪ ਗੁਪਤਾ ਨਾਲ ਮੁਲਾਕਾਤ ਕੀਤੀ ਅਤੇ ਸ਼ਹਿਰ ਦੀਆਂ ਮਾਰਕੀਟਾਂ ’ਤੇ ਦੁਕਾਨਦਾਰਾਂ ਨਾਲ ਸਬੰਧਤ ਸਮਸਿਆਵਾਂ ਨੂੰ ਲੈ ਕੇ ਚਰਚਾ ਕੀਤੀ। ਵਪਾਰ ਮੰਡਲ ਦੇ ਪ੍ਰਧਾਨ ਚਰਨਜੀਵ ਸਿੰਘ ਦੀ ਅਗਵਾਈ ਹੇਠ ਵਫ਼ਦ ਵਿੱਚ ਸ਼ਾਮਲ ਮੰਡਲ ਦੇ ਹੋਰ ਅਹੁਦੇਦਾਰਾਂ ਸੰਜੀਵ ਚੱਢਾ, ਪੁਰਸ਼ੋਤਮ ਮਹਾਜਨ, ਅਨਿਲ ਵੋਹਰਾ, ਦਿਵਾਕਰ ਸਾਹੂਜਾ ਅਤੇ ਬਲਜਿੰਦਰ ਸਿੰਘ ਗੁਜਰਾਲ ਨੇ ਮੇਅਰ ਅਨੂਪ ਗੁਪਤਾ ਨੂੰ ਵਪਾਰੀਆਂ ਦੇ ਲੰਮੇ ਸਮੇਂ ਤੋਂ ਚੱਲ ਰਹੇ ਮੁੱਦਿਆਂ ਤੋਂ ਜਾਣੂ ਕਰਵਾਇਆ ਅਤੇ ਮੰਗ ਪੱਤਰ ਵੀ ਸੌਂਪਿਆ। ਵਪਾਰ ਮੰਡਲ ਦੇ ਵਫ਼ਦ ਨੇ ਮੇਅਰ ਨੂੰ ਸ਼ਹਿਰ ਵਿੱਚ ਭੀੜ-ਭੜੱਕੇ ਵਾਲੀਆਂ ਮਾਰਕੀਟਾਂ ਵਿੱਚ ਈਵੀ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਲਗਾਉਣ ਦੇ ਫੈਸਲੇ ਨੂੰ ਰੱਦ ਕਰਕੇ ਇਹ ਚਾਰਜਿੰਗ ਸਟੇਸ਼ਨ ਹੋਰ ਖਾਲੀ ਥਾਂ ’ਤੇ ਸ਼ਿਫਟ ਕਰਨ ਦੀ ਮੰਗ ਕੀਤੀ। ਮੇਅਰ ਨੇ ਵਪਾਰ ਮੰਡਲ ਦੇ ਅਹੁਦੇਦਾਰਾਂ ਨੂੰ ਦੱਸਿਆ ਕਿ ਨਗਰ ਨਿਗਮ ਹਾਊਸ ਵਲੋਂ ਪਹਿਲਾਂ ਹੀ ਮਾਰਕੀਟਾਂ ਵਿੱਚ ਚਾਰਜਿੰਗ ਸਟੇਸ਼ਨ ਲਾਉਣ ਦਾ ਫੈਸਲਾ ਖਾਰਜ ਕੀਤਾ ਜਾ ਚੁੱਕਾ ਹੈ। ਉਨ੍ਹਾਂ ਇਹ ਮਾਮਲਾ ਪ੍ਰਸ਼ਾਸਨ ਦੇ ਗ੍ਰਹਿ ਸਕੱਤਰ ਕੋਲ ਉਠਾਉਣ ਦਾ ਭਰੋਸਾ ਵੀ ਦਿੱਤਾ। ਇਸ ਤੋਂ ਇਲਾਵਾ ਇਸ ਮੁਲਾਕਾਤ ਦੌਰਾਨ ਪਿੰਡ ਬੁੜੈਲ ਦੀ ਫ਼ਿਰਨੀ, ਖਾਸ ਕਰਕੇ ਕੇਸ਼ੋਰਾਮ ਮਾਰਕੀਟ ਦੇ ਸਾਹਮਣੇ ਵਾਹਨਾਂ ਦੀ ਪਾਰਕਿੰਗ ਦੀ ਸਮੱਸਿਆ ਨੂੰ ਲੈ ਕੇ ਵੀ ਚਰਚਾ ਕੀਤੀ ਗਈ। ਵਫ਼ਦ ਵਿੱਚ ਸ਼ਾਮਲ ਵਪਾਰੀ ਆਗੂਆਂ ਨੇ ਮੇਅਰ ਨੂੰ ਦੱਸਿਆ ਕਿ ਕੇਸ਼ੋ ਰਾਮ ਕੰਪਲੈਕਸ ਮਾਰਕੀਟ ਦੇ ਬਾਹਰ ਵਾਹਨਾਂ ਦੀ ਪਾਰਕਿੰਗ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਇਥੇ ਮਾਰਕੀਟ ਵਿੱਚ ਆਉਣ ਵਾਲੇ ਗ੍ਰਾਹਕਾਂ ਸਮੇਤ ਮਾਰਕੀਟ ਦੇ ਦੁਕਾਨਦਾਰਾਂ ਨੂੰ ਆਪਣੇ ਵਾਹਨ ਪਾਰਕ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਵਫ਼ਦ ਨੇ ਸ਼ਹਿਰ ਵਿੱਚ ਇਸ਼ਤਿਹਾਰ ਐਕਟ ਨੂੰ ਲੈ ਕੇ ਸ਼ਹਿਰ ਦੇ ਦੁਕਾਨਦਾਰਾਂ ਨੂੰ ਦਿੱਤੇ ਗਏ ਲੱਖਾਂ ਰੁਪਏ ਦੇ ਨੋਟਿਸ ਨੂੰ ਵਾਪਸ ਲੈਣ ਦਾ ਮੁੱਦਾ ਵੀ ਚੁੱਕਿਆ। ਵਫ਼ਦ ਨੇ ਮੇਅਰ ਨਾਲ ਕੀਤੀ ਮੁਲਾਕਾਤ ਦੌਰਾਨ ਸ਼ਹਿਰ ਦੀਆਂ ਕੁੱਝ ਮਾਰਕੀਟਾਂ ਅਤੇ ਗੁਦਾਮਾਂ ਲਈ ਡੋਰ ਟੂ ਡੋਰ ਕੁਲੈਕਸ਼ਨ ਫੀਸ ਨੂੰ ਵਾਜਿਬ ਬਣਾਉਣ ਦੀ ਮੰਗ ਕੀਤੀ। ਵਪਾਰ ਮੰਡਲ ਦੇ ਪ੍ਰਧਾਨ ਚਰਨਜੀਵ ਸਿੰਘ ਨੇ ਦੱਸਿਆ ਕਿ ਮੇਅਰ ਅਨੂਪ ਗੁਪਤਾ ਨੇ ਉਨ੍ਹਾਂ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਹੈ।

ਮੇਅਰ ਵੱਲੋਂ ਨਿਗਮ ਲਈ ਸਹਾਇਤਾ ਰਾਸ਼ੀ ਜਾਰੀ ਕਰਨ ਦੀ ਮੰਗ

ਚੰਡੀਗੜ੍ਹ (ਖ਼ੇਤਰੀਪ੍ਰਤੀਨਿਧ): ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਨੇ ਨਗਰ ਨਿਗਮ ਵਲੋਂ ਕੀਤੇ ਜਾ ਰਹੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਪ੍ਰਸ਼ਾਸਨ ਤੋਂ ‘ਗਰਾਂਟ ਇਨ ਏਡ’ ਦੀ ਤੀਜੀ ਕਿਸ਼ਤ ਦੀ ਅਗਰਿਮ ਅਦਾਇਗੀ ਦੀ ਮੰਗ ਕੀਤੀ ਹੈ। ਮੇਅਰ ਨੇ ਪ੍ਰਸ਼ਾਸਕ ਨਾਲ ਮੁਲਾਕਾਤ ਕਰ ਇਸ ਫ਼ੰਡ ਤਹਿਤ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂਕਿ ਸ਼ਹਿਰ ਵਿੱਚ ਜਾਰੀ ਵਿਕਾਸ ਕਾਰਜ ਪ੍ਰਭਾਵਿਤ ਨਾ ਹੋਣ। ਮੇਅਰ ਅਨੂਪ ਗੁਪਤਾ ਨੇ ਅੱਜ ਇੱਥੇ ਇਹ ਜਾਣਕਾਰੀ ਸਾਂਝਾ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ 135 ਕਰੋੜ ਦੀ ਸਹਾਇਤਾ ਹਿੱਸੇਦਾਰੀ ਵਿੱਚ ਅਨੁਦਾਨ ਦੀ ਤੀਜੀ ਕਿਸਤ ਵਜੋਂ 25 ਕਰੋੜ ਰੁਪਏ ਅਗਰਿਮ ਰਾਸ਼ੀ ਦੇ ਰੂਪ ਵਿੱਚ ਛੇਤੀ ਹੀ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਕਿਸੇ ਵੀ ਕੀਮਤ ਉੱਤੇ ਸ਼ਹਿਰ ਦਾ ਵਿਕਾਸ ਨਹੀਂ ਰੁਕਣਗੇ ਅਤੇ ਨਗਰ ਨਿਗਮ ਸ਼ਹਿਰ ਦੇ ਲੋਕਾਂ ਦੀ ਸੇਵਾ ਲਈ ਵਚਨਬੱਧ ਹੈ।

The post ਵਪਾਰ ਮੰਡਲ ਨੇ ਮੇਅਰ ਨੂੰ ਦੱਸੀਆਂ ਦੁਕਾਨਦਾਰਾਂ ਦੀਆਂ ਸਮੱਸਿਆਵਾਂ appeared first on punjabitribuneonline.com.



Source link