ਜਸਬੀਰ ਸਿੰਘ ਚਾਨਾ
ਫਗਵਾੜਾ, 9 ਸਤੰਬਰ
ਚਹੇੜੂ ਵਿੱਚ ਲਾਅ ਗੇਟ ਦੇ ਲਾਗੇ ਪੈਂਦੇ ਇੱਕ ਪੀਜੀ ਵਿੱਚ ਨੌਜਵਾਨਾਂ ਦੇ ਗੁੱਟਾਂ ਵਿੱਚ ਝੜਪ ਹੋ ਗਈ। ਇਸ ਘਟਨਾ ’ਚ ਇੱਕ ਨੌਜਵਾਨ ਦੀ ਮੌਤ ਤੇ ਦੂਜਾ ਜ਼ਖ਼ਮੀ ਹੋ ਗਿਆ। ਸਤਨਾਮਪੁਰਾ ਥਾਣਾ ਦੇ ਐੱਸਐੱਚਓ ਸੁਰਜੀਤ ਸਿੰਘ ਪੱਡਾ ਤੇ ਚਹੇੜੂ ਚੌਕੀ ਇੰਚਾਰਜ ਦਰਸ਼ਨ ਸਿੰਘ ਭੱਟੀ ਨੇ ਦੱਸਿਆ ਕਿ ਅੰਬੈਂਸੀ ਪੀਜੀ ਵਿੱਚ ਸ਼ੁੱਕਰਵਾਰ ਦੀ ਰਾਤ ਰਿਸ਼ਵ ਸੋਨੀ ਨਾਂ ਦੇ ਲੜਕੇ ਨੇ ਉਥੇ ਰਹਿੰਦੀ ਇੱਕ ਲੜਕੀ ਨਾਲ ਮਾਮੂਲੀ ਛੇੜਛਾੜ ਕਰ ਦਿੱਤੀ, ਜਿਸ ਤੋਂ ਬਾਅਦ ਉਕਤ ਲੜਕੀ ਨੇ ਆਪਣੇ ਹੋਰ ਸਾਥੀਆਂ ਨੂੰ ਇਸ ਬਾਰੇ ਦੱਸਿਆ, ਜਿਨ੍ਹਾਂ ਨੇ ਰਿਸ਼ਵ ਨੂੰ ਕਮਰੇ ਵਿੱਚ ਵੜਨ ਤੋਂ ਰੋਕ ਦਿੱਤਾ। ਰਿਸ਼ਵ ਨੇ ਆਪਣੇ ਦੋਸਤ ਹਰਪ੍ਰੀਤ ਸਿੰਘ (39) ਉਰਫ਼ ਹੈਰੀ ਨੂੰ ਇਸ ਬਾਰੇ ਦੱਸਿਆ ਤਾਂ ਉਹ ਆਪਣੇ ਹੋਰ ਸਾਥੀ ਅਰਜੁਨ ਰਾਣਾ, ਸੌਰਵ ਕੇਸੀ ਤੇ ਹੋਰ ਦੋ ਤਿੰਨ ਨੂੰ ਲੈ ਕੇ ਪੀਜੀ ’ਚ ਪਹੁੰਚ ਗਿਆ। ਜਦੋਂ ਉਹ ਉੱਥੇ ਪੁੱਜੇ ਤਾਂ ਪਹਿਲਾਂ ਹੀ ਮੌਜੂਦ ਨੌਜਵਾਨਾਂ ਨੇ ਉਨ੍ਹਾਂ ’ਤੇ ਕਿਰਪਾਨਾਂ, ਦਾਤਰਾਂ, ਇੱਟਾਂ ਤੇ ਰੋੜਿਆਂ ਨਾਲ ਹਮਲਾ ਕਰ ਦਿੱਤਾ ਤੇ ਦੋਵਾਂ ਧੜਿਆ ਵਿਚਕਾਰ ਜੰਮ ਕੇ ਇੱਟਾਂ ਪੱਥਰ ਚੱਲੇ। ਇਸ ਹਾਦਸੇ ਵਿੱਚ ਅਰੁਜਨ ਰਾਣਾ ਤੇ ਹਰਪ੍ਰੀਤ ਗੰਭੀਰ ਜ਼ਖ਼ਮੀ ਹੋ ਗਏ। ਥੋੜ੍ਹੀ ਦੇਰ ’ਚ ਹੀ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹਰਪ੍ਰੀਤ ਸਿੰਘ ਨੇ ਦਮ ਤੋੜ ਦਿੱਤਾ।
ਪੁਲੀਸ ਨੇ ਜਾਂਚ ਦੌਰਾਨ ਸੀਸੀਟੀਵੀ ਕੈਮਰਿਆਂ ਨੂੰ ਖੰਗਾਲ ਕੇ ਮਨੋਜ, ਆਸਤਿਕ, ਸਿੱਧੂ ਤੇ ਰਾਜਨ ਤੇ 20-25 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਧਾਰਾ 302, 307, 160, 148, 149 ਆਈ.ਪੀ.ਸੀ ਤਹਿਤ ਕੇਸ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਅੱਜ ਡੀਐੱਸਪੀ ਜਸਪ੍ਰੀਤ ਸਿੰਘ ਨੇ ਪੁਲੀਸ ਪਾਰਟੀ ਸਣੇ ਆਲੇ ਦੁਆਲੇ ਲੋਕਾਂ ਤੋਂ ਘਟਨਾ ਸਬੰਧੀ ਪੁੱਛਗਿੱਛ ਕੀਤੀ।
ਵਿਦਿਆਰਥੀਆਂ ਵਿਚਾਲੇ ਝੜਪ; ਇੱਕ ਜ਼ਖ਼ਮੀ
ਜਲੰਧਰ (ਪੱਤਰ ਪ੍ਰੇਰਕ): ਇਥੋਂ ਦੇ ਐੱਸਟੀ ਸੋਲਜ਼ਰ ਸਕੂਲ ਦੇ ਵਿਦਿਆਰਥੀਆਂ ਵਿਚਾਲੇ ਇੱਕ ਐਕਟਿਵਾ ਕਾਰ ਨਾਲ ਟਕਰਾਉਣ ਕਾਰਨ ਝੜਪ ਹੋ ਗਈ। ਨੌਜਵਾਨ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਵਿਦਿਆਰਥੀ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਦੂਜੇ ਧੜੇ ਦੇ ਵਿਦਿਆਰਥੀਆਂ ਨੇ ਇੱਟਾਂ ਮਾਰ ਕੇ ਹਮਲਾਵਰਾਂ ਤੋਂ ਆਪਣੇ ਸਾਥੀ ਨੂੰ ਬਚਾਇਆ। ਜਾਣਕਾਰੀ ਅਨੁਸਾਰ ਚਾਰ ਨੌਜਵਾਨਾਂ ਨੇ ਸ਼ਿਵ ਨਾਂ ਦੇ ਨੌਜਵਾਨ ’ਤੇ ਹਮਲਾ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਜਿਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਲੜਾਈ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਐੱਸਐੱਚਓ ਰਾਜੇਸ਼ ਅਰੋੜਾ ਆਪਣੀ ਟੀਮ ਨਾਲ ਮੌਕੇ ’ਤੇ ਪੁੱਜੇ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ।
The post ਦੋ ਗੁੱਟਾਂ ਦੀ ਝੜਪ ’ਚ ਇੱਕ ਨੌਜਵਾਨ ਦੀ ਮੌਤ appeared first on punjabitribuneonline.com.