ਅਕਾਲੀ ਦਲ ਨਹੀਂ, ਬਲਕਿ ਪੰਜਾਬ ਦਿਨੋਂ-ਦਿਨ ਕਮਜ਼ੋਰ ਹੋ ਰਿਹੈ: ਹਰਸਿਮਰਤ

ਅਕਾਲੀ ਦਲ ਨਹੀਂ, ਬਲਕਿ ਪੰਜਾਬ ਦਿਨੋਂ-ਦਿਨ ਕਮਜ਼ੋਰ ਹੋ ਰਿਹੈ: ਹਰਸਿਮਰਤ


ਪੱਤਰ ਪ੍ਰੇਰਕ
ਮਾਨਸਾ, 10 ਸਤੰਬਰ
ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਕਮਜ਼ੋਰ ਨਹੀਂ ਹੋਇਆ, ਸਗੋਂ ਪੰਜਾਬ ਦਿਨੋਂ-ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈ, ਜਿਸ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ।
ਉਨ੍ਹਾਂ ਕਿਹਾ ਕਿ ਸੱਤ ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਰੰਗਲਾ ਪੰਜਾਬ ਛੱਡ ਕੇ ਗਿਆ ਸੀ, ਉਸ ਨੂੰ ਕਾਂਗਰਸ ਅਤੇ ਭਗਵੰਤ ਮਾਨ ਦੀ ਟੀਮ ਨੇ ਕੰਗਾਲ ਬਣਾ ਕੇ ਰੱਖ ਦਿੱਤਾ ਹੈ। ਉਨ੍ਹਾਂ ਪਿੰਡ ਫਫੜੇ ਭਾਈਕੇ ਵਿੱਚ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਪਿੰਡਾਂ ਵਿੱਚ ਜਾ ਕੇ ਦੇਖਣ, ਹੁਣ ਲੋਕ ਉਨ੍ਹਾਂ ਦੇ ਗ਼ਲ ਪੈਣ ਨੂੰ ਫਿਰਦੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਗਾਰੰਟੀਆਂ ਦੇਣ ਵਾਲੇ ਅੱਜ ਕਿਤੇ ਲੱਭਦੇ ਨਹੀਂ ਹਨ ਅਤੇ ਲੋਕਾਂ ਨੂੰ ਧਰਨੇ-ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੱਲੋਂ ਅੰਨਦਾਤਾ ਨੂੰ ਬਹੁਤ ਵਾਰ ਮੁਆਵਜ਼ਾ ਦਿੱਤਾ ਗਿਆ ਸੀ ਜਦੋਂਕਿ ਹੁਣ ਨੁਕਸਾਨੀਆਂ ਫ਼ਸਲਾਂ ਸਮੇਤ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਲੈਣ ਲਈ ਲੋਕਾਂ ਨੂੰ ਆਮ ਆਦਮੀ ਪਾਰਟੀ ਸਣੇ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਧਰਨੇ ਲਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਹਰਸਿਮਰਤ ਕੌਰ ਬਾਦਲ ਵੱਲੋਂ ਆਪਣੇ ਲੋਕ ਸਭਾ ਹਲਕੇ ਦੇ ਸਾਰੇ ਵਿਧਾਨ ਸਭਾ ਹਲਕਿਆਂ ’ਚ ਕੀਤੀਆਂ ਜਾ ਰਹੀਆਂ ਰੈਲੀਆਂ ਤੋਂ ਜਾਪਦਾ ਹੈ ਕਿ ਉਨ੍ਹਾਂ ਨੇ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਆਰੰਭ ਦਿੱਤੀਆਂ ਹਨ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਹਰਸਿਮਰਤ ਕੌਰ ਬਾਦਲ ਨੂੰ ਜਿਸ ਤਰ੍ਹਾਂ ਬਠਿੰਡਾ ਲੋਕ ਸਭਾ ਦਾ ਇੰਚਾਰਜ ਬਣਾਇਆ ਗਿਆ ਹੈ, ਉਸ ਤੋਂ ਉਨ੍ਹਾਂ ਦੇ ਚੌਥੀ ਵਾਰ ਇਸੇ ਹਲਕੇ ਤੋਂ ਚੋਣ ਮੈਦਾਨ ’ਚ ਉਤਰਨ ਦੀ ਆਸ ਹੈ।

The post ਅਕਾਲੀ ਦਲ ਨਹੀਂ, ਬਲਕਿ ਪੰਜਾਬ ਦਿਨੋਂ-ਦਿਨ ਕਮਜ਼ੋਰ ਹੋ ਰਿਹੈ: ਹਰਸਿਮਰਤ appeared first on punjabitribuneonline.com.



Source link