ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 20 ਸਤੰਬਰ
ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਖਪਤਕਾਰਾਂ ਵੱਲੋਂ ਬਹਿਲਾ ਪੱਤੀ ਵਿਖੇ ਘਰਾਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਘੇਰਿਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ, ਬਲਾਕ ਪ੍ਰਧਾਨ ਚਮਕੌਰ ਸਿੰਘ ਗੋਰਾ ਅਤੇ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਮਿੱਠੂ ਚਹਿਲ ਨੇ ਕਿਹਾ ਕਿ ਯੂਨੀਅਨ ਵੱਲੋਂ ਫ਼ੈਸਲਾ ਕੀਤਾ ਹੋਇਆ ਹੈ ਕਿ ਕਿਸੇ ਵੀ ਘਰ ਵਿੱਚ ਚਿੱਪ ਵਾਲੇ ਮੀਟਰ ਲਾਉਣ ਨਹੀਂ ਦਿੱਤੇ ਜਾਣਗੇ। ਪਾਵਰਕੌਮ ਦੇ ਅਧਿਕਾਰੀਆਂ ਨੂੰ ਪਤਾ ਹੋਣ ਦੇ ਬਾਵਜੂਦ ਅੱਜ ਇੱਥੇ ਆਪਣੇ ਮੁਲਾਜ਼ਮ ਚਿੱਪ ਵਾਲੇ ਮੀਟਰ ਲਾਉਣ ਲਈ ਭੇਜ ਦਿੱਤੇ, ਜਦੋਂ ਤੱਕ ਕੋਈ ਅਧਿਕਾਰੀ ਧਰਨੇ ਵਿੱਚ ਪਹੁੰਚ ਕੇ ਮੀਟਰ ਨਾ ਲਾਉਣ ਦਾ ਭਰੋਸਾ ਨਹੀਂ ਦਿੰਦਾ,ਉਸ ਸਮੇਂ ਤੱਕ ਇਨ੍ਹਾਂ ਮੁਲਾਜ਼ਮਾਂ ਨੂੰ ਛੱਡਿਆ ਨਹੀਂ ਜਾਵੇਗਾ। ਧਰਨੇ ਵਿੱਚ ਜ਼ਿਲ੍ਹਾ ਆਗੂ ਬੁੱਧ ਸਿੰਘ ਬਾਲਦ ਹਰਵਿੰਦਰ ਸਿੰਘ ਗੋਲਡੀ, ਜਗਤਾਰ ਸਿੰਘ ਤੂਰ, ਦੇਵ ਸਿੰਘ ਤੂਰ, ਇਕਾਈ ਪ੍ਰਧਾਨ ਹਰਵਿੰਦਰ ਕੌਰ, ਬਰਜਿੰਦਰ ਕੌਰ ਸਾਬਕਾ ਕੌਂਸਲਰ,ਜਸਮੇਲ ਕੌਰ ਅਤੇ ਗੁਰਚਰਨ ਕੌਰ ਸਮੇਤ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਹਾਜ਼ਰ ਸਨ। 5 ਘੰਟਿਆਂ ਬਾਅਦ ਪਾਵਰਕੌਮ ਦੇ ਐੱਸਡੀਓ ਹਰਬੰਸ ਸਿੰਘ ਵੱਲੋਂ ਧਰਨੇ ਵਿੱਚ ਪਹੁੰਚ ਕੇ ਸਮਾਰਟ ਮੀਟਰ ਨਾ ਲਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤੋਂ ਬਾਅਦ ਮੁਲਾਜ਼ਮਾਂ ਨੂੰ ਛੱਡਿਆ ਗਿਆ ਅਤੇ ਧਰਨਾ ਸਮਾਪਤ ਕੀਤਾ ਗਿਆ।
The post ਭਾਕਿਯੂ ਡਕੌਂਦਾ ਨੇ ਭਵਾਨੀਗੜ੍ਹ ’ਚ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕੌਮ ਦੇ ਮੁਲਾਜ਼ਮ ਘੇਰੇ appeared first on punjabitribuneonline.com.