ਦਿੱਲੀ ’ਵਰਸਿਟੀ ਚੋਣਾਂ: ਪੋਲਿੰਗ ਬੂਥਾਂ ’ਤੇ ਪਾੜ੍ਹਿਆਂ ਦੀ ਲੱਗੀ ਭੀੜ

ਦਿੱਲੀ ’ਵਰਸਿਟੀ ਚੋਣਾਂ: ਪੋਲਿੰਗ ਬੂਥਾਂ ’ਤੇ ਪਾੜ੍ਹਿਆਂ ਦੀ ਲੱਗੀ ਭੀੜ


ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਸਤੰਬਰ
ਦਿੱਲੀ ਯੂਨੀਵਰਸਿਟੀ ਵਿਦਿਆਰਥੀ ਯੂਨੀਅਨ (ਡੂਸੂ) ਦੀਆਂ ਤਿੰਨ ਸਾਲ ਮਗਰੋਂ ਹੋਈਆਂ ਚੋਣਾਂ ਲਈ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਸਵੇਰੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਤੇ 1 ਵਜੇ ਤੱਕ ਸਵੇਰੇ ਦੇ ਬੈਚ ਦੇ ਵਿਦਿਆਰਥੀਆਂ ਨੇ ਵੋਟਾਂ ਪਾਈਆਂ। ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਕਾਲਜਾਂ ਦੇ ਮੁੱਖ ਗੇਟਾਂ ਉਪਰ ਵਿਦਿਆਰਥੀਆਂ ਦਾ ਇਕੱਠ ਦੇਖਿਆ ਗਿਆ। ਸ਼ਾਮ ਦੇ ਬੈਚ ਲਈ 3 ਵਜੇ ਵੋਟਾਂ ਪੈਣੀਆਂ ਸ਼ੁਰੂ ਹੋਈਆਂ, ਜੋ 7.30 ਵਜੇ ਤੱਕ ਜਾਰੀ ਰਹੀਆਂ। ਇਨ੍ਹਾਂ ਚੋਣਾਂ ਦਾ ਨਤੀਜਾ ਅੱਜ ਦੁਪਹਿਰ ਤੋਂ ਬਾਅਦ ਆਵੇਗਾ। ਡੂਸੂ ਵਿੱਚ ਕਰੋਨਾ ਮਹਾਮਾਰੀ ਕਾਰਨ ਤਿੰਨ ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਸਨ। ਏਬੀਵੀਪੀ ਨੇ ‘ਡੂਸੂ-2019’ ਚੋਣਾਂ ਵਿੱਚ ਚਾਰ ਵਿੱਚੋਂ ਤਿੰਨ ਸੀਟਾਂ ਜਿੱਤੀਆਂ ਸਨ। ਇਸ ਵਾਰ ਪ੍ਰਧਾਨ, ਮੀਤ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਦੇ ਚਾਰ ਅਹੁਦਿਆਂ ’ਤੇ ਚੌਵੀ ਉਮੀਦਵਾਰ ਖੜ੍ਹੇ ਹਨ। ਡੂਸੂ 2023 ਦੀਆਂ ਚੋਣਾਂ ਵਿੱਚ ਹਿੱਸਾ ਲੈਣ ਵਾਲੀਆਂ ਪ੍ਰਮੁੱਖ ਪਾਰਟੀਆਂ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ਏਬੀਵੀਪੀ), ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐੱਨਐੱਸਯੂਆਈ), ਸਟੂਡੈਂਟਸ ਫੈਡਰੇਸ਼ਨ ਆਫ਼ ਇੰਡੀਆ (ਐੱਸਐੱਫਆਈ) ਅਤੇ ਲਿਬਰੇਸ਼ਨ ਨਾਲ ਸਬੰਧਤ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਹਨ। ਪ੍ਰਧਾਨਗੀ ਦੇ ਅਹੁਦੇ ਲਈ ਇਸ ਵਾਰ ਕਈ ਕਾਲਜਾਂ ਵਿੱਚ ‘ਏਬੀਵੀਪੀ’ ਤੇ ‘ਐੱਨਐੱਸਯੂਆਈ’ ਦਰਮਿਆਨ ਸਖ਼ਤ ਮੁਕਾਬਲਾ ਹੈ।

ਵਾਈਸ ਚਾਂਸਲਰ ਵੱਲੋਂ ਪੋਲਿੰਗ ਬੂਥਾਂ ਦਾ ਦੌਰਾ

ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ ਦੀਆਂ ਚੋਣਾਂ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਅਤੇ ਡੀਯੂਐੱਸਯੂ ਦੇ ਪੈਟਰਨ ਪ੍ਰੋ. ਯੋਗੇਸ਼ ਸਿੰਘ ਨੇ ਪੋਲਿੰਗ ਸਟੇਸ਼ਨਾਂ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਪੋਲਿੰਗ ਸਟੇਸ਼ਨਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਾਈਸ ਚਾਂਸਲਰ ਨੇ ਪੋਲਿੰਗ ਅਧਿਕਾਰੀਆਂ ਤੋਂ ਵੋਟਾਂ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਸੁਰੱਖਿਆ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਹ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਅਤੇ ਹਿੰਦੂ ਕਾਲਜ ਦੇ ਪੋਲਿੰਗ ਬੂਥਾਂ ’ਤੇ ਵੀ ਪੁੱਜੇ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਮੌਕੇ ਰਜਿਸਟਰਾਰ ਡਾ. ਵਿਕਾਸ ਗੁਪਤਾ ਅਤੇ ਮੁੱਖ ਚੋਣ ਅਫ਼ਸਰ ਪ੍ਰੋ. ਚੰਦਰਸ਼ੇਖਰ ਵੀ ਮੌਜੂਦ ਸਨ।

ਕੈਂਪਸ ਦੀਆਂ ਸੜਕਾਂ ’ਤੇ ਵਪਾਰਕ ਵਾਹਨਾਂ ’ਤੇ ਪਾਬੰਦੀ

ਦਿੱਲੀ ਪੁਲੀਸ ਨੇ ਡੂਸੂ ਚੋਣਾਂ ਸਬੰਧੀ ‘ਐਕਸ’ ’ਤੇ ਇੱਕ ਟਵੀਟ ਰਾਹੀਂ ਸੜਕਾਂ ’ਤੇ ਆਵਾਜਾਈ ਨੂੰ ਨਿਯਮਤ ਕਰਨ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਤੇ ਵਪਾਰਕ ਵਾਹਨਾਂ ਨੂੰ ਕੈਂਪਸ ਦੀਆਂ ਸੜਕਾਂ ਵਿੱਚ ਦਾਖਲ ਹੋਣ ’ਤੇ ਪਾਬੰਦੀ ਲਗਾਈ। ਐਡਵਾਇਜ਼ਰੀ ਕਾਰਨ ਕਈ ਸੜਕਾਂ ਉਪਰ ਗੱਡੀਆਂ ਮੱਠੀ ਰਫ਼ਤਾਰ ਨਾਲ ਚੱਲੀਆਂ। ਟਵੀਟ ਵਿੱਚ ਕਿਹਾ ਗਿਆ, ‘‘ਅੱਜ ਦਿੱਲੀ ਯੂਨੀਵਰਸਿਟੀ, ਦਿੱਲੀ ਉੱਤਰੀ ਕੈਂਪਸ ਵਿੱਚ ‘ਡੂਸੂ’ ਚੋਣਾਂ ਹੋ ਰਹੀਆਂ ਹਨ। ਯਾਤਰੀਆਂ ਨੂੰ ਉਨ੍ਹਾਂ ਦੀ ਸਹੂਲਤ ਲਈ ਹੇਠਾਂ ਦਿੱਤੇ ਰੂਟਾਂ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ। ਦਿੱਲੀ ਯੂਨੀਵਰਸਿਟੀ ਖੇਤਰ ਵਿੱਚ ਵਪਾਰਕ ਵਾਹਨਾਂ ਲਈ ਕੋਈ ਐਂਟਰੀ ਨਹੀਂ ਹੈ ਅਤੇ ਛੱਤਰ ਮਾਰਗ ਸਾਰੇ ਵਾਹਨ ਚਾਲਕਾਂ ਲਈ ਪੂਰੀ ਤਰ੍ਹਾਂ ਬੰਦ ਹੈ।’’

The post ਦਿੱਲੀ ’ਵਰਸਿਟੀ ਚੋਣਾਂ: ਪੋਲਿੰਗ ਬੂਥਾਂ ’ਤੇ ਪਾੜ੍ਹਿਆਂ ਦੀ ਲੱਗੀ ਭੀੜ appeared first on punjabitribuneonline.com.



Source link