ਸ਼ਹਿਰ ’ਚ ਲੱਗਣ ਲੱਗੇ ਮੇਰਾ ਵਾਰਡ ਮੇਰਾ ਪਰਿਵਾਰ ਦੇ ਬੋਰਡ

ਸ਼ਹਿਰ ’ਚ ਲੱਗਣ ਲੱਗੇ ਮੇਰਾ ਵਾਰਡ ਮੇਰਾ ਪਰਿਵਾਰ ਦੇ ਬੋਰਡ


ਗਗਨਦੀਪ ਅਰੋੜਾ
ਲੁਧਿਆਣਾ, 26 ਸਤੰਬਰ
ਜਿਵੇਂ-ਜਿਵੇਂ ਨਗਰ ਨਿਗਮ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ ਹੀ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਤੇ ਵਾਰਡਾਂ ਵਿੱਚ ਹੁਣ ‘ਮੇਰਾ ਵਾਰਡ ਮੇਰਾ ਪਰਿਵਾਰ’ ਦੇ ਵੱਡੇ-ਵੱਡੇ ਬੋਰਡ ਲੱਗਣੇ ਸ਼ੁਰੂ ਹੋ ਗਏ ਹਨ। ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਵੱਲੋਂ ਜਲਦੀ ਹੀ ਨਗਰ ਨਿਗਮ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਖਿੱਚ ਦਿੱਤੀਆਂ ਹਨ। ਨਵੀਂ ਵਾਰਡਬੰਦੀ ਦੇ ਐਲਾਨ ਤੋਂ ਬਾਅਦ ਸ਼ਹਿਰ ਦੇ ਕਈ ਵਾਰਡਾਂ ਵਿੱਚ ਬਦਲਾਅ ਕੀਤਾ ਗਿਆ ਹੈ ਜਿਸ ਤੋਂ ਬਾਅਦ ਹੁਣ ਚੋਣਾਂ ਲੜਨ ਦੇ ਇਛੁੱਕ ਉਮੀਦਵਾਰਾਂ ਨੇ ਬੋਰਡਾਂ ਰਾਹੀਂ ਇਲਾਕਿਆਂ ਵਿੱਚ ਆਪਣੀ ਸ਼ਕਲ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ।
ਸਨਅਤੀ ਸ਼ਹਿਰ ਵਿੱਚ 95 ਵਾਰਡ ਹਨ, ਜਿਥੇ ਹੁਣ ਜ਼ਿਆਦਾਤਰ ਇਲਾਕਿਆਂ ਵਿੱਚ ਸਿਰਫ਼ ਚੋਣਾਂ ਲੜਨ ਵਾਲੇ ਉਮੀਦਵਾਰਾਂ ਦੇ ਬੋਰਡ ਹੀ ਨਜ਼ਰ ਆ ਰਹੇ ਹਨ। ਕੋਈ ਆਪਣੇ ਆਪ ਨੂੰ ਇਲਾਕੇ ਦਾ ਸੇਵਾਦਾਰ, ਕੋਈ ਇਲਾਕੇ ਦਾ ਬੇਟਾ ਤੇ ਕੋਈ ਮੇਰਾ ਵਾਰਡ-ਮੇਰਾ ਪਰਿਵਾਰ ਦੇ ਬੋਰਡ ਲਗਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਆਦਾ ਬੋਰਡ ਇਲਾਕੇ ਦੇ ਪਾਰਕ, ਮੰਦਿਰ ਤੇ ਗੁਰਦੁਆਰਿਆਂ ਦੇ ਬਾਹਰ ਲਗਾਏ ਜਾ ਰਹੇ ਹਨ। ਇਨ੍ਹਾਂ ਬੋਰਡਾਂ ’ਤੇ ਟਿਕਟ ਦੀ ਦਾਅਵੇਦਾਰੀ ਕਰਨ ਵਾਲੇ ਲੋਕਾਂ ਨੇ ਆਪਣੇ ਅਤੇ ਟਿਕਟ ਦੇਣ ਵਾਲਿਆਂ ਦੀਆਂ ਫੋਟੋਆਂ ਲਗਾਈਆਂ ਹੋਈਆਂ ਹਨ।

ਹੋਰਨਾਂ ਪਾਰਟੀ ਦੇ ਆਗੂਆਂ ਨੂੰ ਜ਼ਿਆਦਾ ਤਰਜੀਹ਼

ਪੰਜਾਬ ਵਿੱਚ ਸੱਤਾ ਲਈ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਮਿਲੀ ਸੀ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵਿਕਾਸ ਕਾਰਜਾਂ ਦੇ ਨਾਂ ’ਤੇ ਨਗਰ ਨਿਗਮ ਚੋਣਾਂ ਜਿੱਤਣ ਦਾ ਦਾਅਵਾ ਕਰ ਰਹੀ ਹੈ। ਪੰਜਾਬ ’ਚ ‘ਆਪ’ ਦੀ ਸਰਕਾਰ ਹੋਣ ਕਰਕੇ ਵੀ ਹਰ ਕੋਈ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚੋਣ ਲੜਨ ਦਾ ਇੱਛੁਕ ਹੈ। ਇਸ ਸਮੇਂ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਹਰ ਵਾਰਡ ਵਿੱਚ ਦੋ ਤੋਂ ਤਿੰਨ ਦਾਅਵੇਦਾਰ ਖੜ੍ਹੇ ਹਨ। ਟਿਕਟ ਲਈ ਦਾਅਵੇਦਾਰ ਆਪਣੇ ਇਲਾਕੇ ਦੇ ਵਿਧਾਇਕ ਨਾਲ ਲਗਾਤਾਰ ਰਾਬਤਾ ਬਣਾ ਰਹੇ ਹਨ ਪਰ ਆਮ ਆਦਮੀ ਪਾਰਟੀ ਦੇ ਆਗੂ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪ ਵਿੱਚ ਸ਼ਾਮਲ ਕਰਵਾ ਉਨ੍ਹਾਂ ਨੂੰ ਚੋਣ ਮੈਦਾਨ ਵਿੱਚ ਉਤਾਰਣ ਨੂੰ ਜ਼ਿਆਦਾ ਤਰਜੀਹ ਦੀ ਰਹੀ ਹੈ।

ਇੱਕ-ਇੱਕ ਇਲਾਕੇ ਵਿੱਚ ਕਈ-ਕਈ ਦਾਅਵੇਦਾਰ

ਭਾਵੇਂ ਸ਼ਹਿਰ ਵਿੱਚ ਕੌਂਸਲਰ ਦੀਆਂ ਚੋਣਾਂ ਹਨ, ਪਰ ਇਸ ਦੇ ਬਾਵਜੂਦ ਸ਼ਹਿਰ ਵਿੱਚ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਚੋਣਾਂ ਲੜਨ ਲਈ ਇੱਕ ਇਲਾਕੇ ਵਿੱਚ ਕਈ ਕਈ ਦਾਅਵੇਦਾਰ ਹਨ। ਸ਼ਹਿਰ ’ਚ ਕਾਂਗਰਸ, ਅਕਾਲੀ ਦਲ, ਭਾਜਪਾ ਤੇ ਬੈਂਸ ਦੀ ਲੋਕ ਇਨਸਾਫ਼ ਪਾਰਟੀ ਤੋਂ ਚੋਣਾਂ ਲੜਨ ਦੇ ਚਾਹਵਾਨਾਂ ਦੀ ਗਿਣਤੀ ਓਨੀ ਨਹੀਂ ਹੈ, ਜਿੰਨੇ ਆਪ ਵੱਲੋਂ ਚੋਣਾਂ ਲੜਨ ਦੇ ਇਛੁੱਕ ਲੋਕਾਂ ਦੀ ਹੈ।

The post ਸ਼ਹਿਰ ’ਚ ਲੱਗਣ ਲੱਗੇ ਮੇਰਾ ਵਾਰਡ ਮੇਰਾ ਪਰਿਵਾਰ ਦੇ ਬੋਰਡ appeared first on punjabitribuneonline.com.Source link