ਨਵੀਂ ਦਿੱਲੀ, 30 ਸਤੰਬਰ
ਪਿਛਲੇ ਸਾਲ ਮੁਹਾਲੀ ਵਿੱਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਨੂੰ, ਜਿਸ ਆਰਪੀਜੀ ਨਾਲ ਨਿਸ਼ਾਨਾ ਬਣਾਇਆ ਗਿਆ ਸੀ, ਅਸਲ ਵਿੱਚ ਗਾਇਕ ਅਤੇ ਰੈਪਰ ਸਿੱਧੂ ਮੂਸੇਵਾਲਾ ਲਈ ਸੀ। ਮੂਸੇਵਾਲਾ ਨੂੰ ਮਈ 2022 ਵਿੱਚ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ। ਦਿੱਲੀ ਪੁਲੀਸ ਦੇ ਸੂਤਰਾਂ ਨੇ ਇਹ ਖੁਲਾਸਾ ਕੀਤਾ ਹੈ। ਸੂਤਰ ਨੇ ਦੱਸਿਆ, ‘ਆਰਪੀਜੀ ਦੀ ਸਪਲਾਈ ਖਾਲਿਸਤਾਨੀ ਅਤਵਿਾਦੀ ਹਰਵਿੰਦਰ ਸਿੰਘ ਸੰਧੂ ਉਰਫ਼ ਰਿੰਦਾ ਵੱਲੋਂ ਕੀਤੀ ਗਈ ਸੀ ਅਤੇ ਅਸਲ ਵਿੱਚ ਇਸ ਦੀ ਵਰਤੋਂ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਲਈ ਉਦੋਂ ਕੀਤੀ ਜਾਣੀ ਸੀ, ਜਦੋਂ ਉਹ ਜਨਤਕ ਰੈਲੀ ਜਾਂ ਸਮਾਗਮ ਵਿੱਚ ਹੁੰਦਾ।’ ਇਸ ਸਾਜ਼ਿਸ਼ ਵਿੱਚ ਤਬਦੀਲੀ ਆਈ ਅਤੇ ਗੈਂਗਸਟਰਾਂ ਅਤੇ ਅਤਿਵਾਦੀਆਂ ਨੇ ਮੁਹਾਲੀ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਵਿੱਚ ਇਸ ਦੀ ਵਰਤੋਂ ਕੀਤੀ। ਇਹ ਖ਼ੁਲਾਸਾ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਦੌਰਾਨ ਹੋਇਆ ਹੈ। ਰਿੰਦਾ ਦੀ ਮੌਤ ਨਵੰਬਰ ਵਿੱਚ ਲਾਹੌਰ ਦੇ ਮਿਲਟਰੀ ਹਸਪਤਾਲ ਵਿੱਚ ਕਥਿਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਰਿੰਦਾ ਦੀ ਗ੍ਰਿਫਤਾਰੀ ਦੀ ਸੂਚਨਾ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ। ਸੂਤਰਾਂ ਨੇ ਕਿਹਾ ਕਿ ਹਮਲਾਵਰਾਂ ਨੇ ਆਪਣੀ ਸਾਜ਼ਿਸ਼ ਇਸ ਗੱਲੋਂ ਬਦਲੀ ਕਿ ਇਸ ਦੇ ਚਲਾਉਣ ਕਾਰਨ ਇਕੱਠ ਜਾਂ ਮੀਟਿੰਗ ਦੌਰਾਨ ਜਾਨੀ ਨੁਕਸਾਨ ਵੱਧ ਹੋ ਸਕਦਾ ਹੈ। ਪੁਲਿਸ ਸੂਤਰਾਂ ਅਨੁਸਾਰ ਆਰਪੀਜੀ ਦੀ ਪਾਕਿਸਤਾਨ ਸਰਹੱਦ ਰਾਹੀਂ ਗੈਰ-ਕਾਨੂੰਨੀ ਤੌਰ ‘ਤੇ ਭਾਰਤ ਵਿੱਚ ਤਸਕਰੀ ਕੀਤੀ ਗਈ ਸੀ, ਜਿਸ ਵਿੱਚ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐੱਸਆਈ) ਸ਼ਾਮਲ ਸੀ।
The post ਮੁਹਾਲੀ ’ਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਦਫ਼ਤਰ ’ਤੇ ਚਲਾਇਆ ਆਰਪੀਜੀ ਪਾਕਿਸਤਾਨ ਤੋਂ ਮੂਸੇਵਾਲਾ ’ਤੇ ਹਮਲੇ ਲਈ ਕੀਤਾ ਗਿਆ ਸੀ ਸਮਗਲ appeared first on punjabitribuneonline.com.