ਦੇਵਿੰਦਰ ਸਿੰਘ ਜੱਗੀ
ਪਾਇਲ, 11 ਅਕਤੂਬਰ
ਇੱਥੋਂ ਨੇੜਲੇ ਪਿੰਡ ਕੋਟ ਪਨੈਚ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂਆਂ ਨੇ ਚਿੱਪ ਵਾਲ਼ਾ ਮੀਟਰ ਲਾਉਣ ਆਏ ਪੀਐੱਸਪੀਸੀਐੱਲ ਦੇ ਮੁਲਾਜ਼ਮਾਂ ਨੂੰ ਖਾਲੀ ਹੱਥ ਮੋੜ ਦਿੱਤਾ। ਜਾਣਕਾਰੀ ਅਨੁਸਾਰ ਬੀਤੇ ਸਮੇਂ ਤੋਂ ਸੜੇ ਮੀਟਰ ਦੀ ਥਾਂ ਅੱਜ ਜਿਉਂ ਹੀ ਸਬ-ਡਵੀਜ਼ਨ ਪਾਇਲ ਤੋਂ ਮੁਲਾਜ਼ਮ ਚਿੱਪ ਵਾਲਾ ਮੀਟਰ ਲਾਉਣ ਆਏ ਤਾਂ ਘਰ ਦੇ ਮਾਲਕਾਂ ਨੇ ਚਿੱਪ ਵਾਲ਼ਾ ਮੀਟਰ ਲਾਉਣ ਦਾ ਵਿਰੋਧ ਕੀਤਾ। ਇੰਨੇ ਨੂੰ ਸਬੰਧਤ ਐੱਸਡੀਓ ਅਤੇ ਬੀਕੇਯੂ ਰਾਜੇਵਾਲ ਦੇ ਆਗੂ ਵੀ ਮੌਕੇ ’ਤੇ ਪਹੰਚ ਗਏ। ਇਸ ਦੌਰਾਨ ਜਦੋਂ ਐੱਸਡੀਓ ਅਤੇ ਨਾਲ਼ ਆਈ ਟੀਮ ਦਾ ਜਥੇਬੰਦੀ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਨ੍ਹਾਂ ਨੂੰ ਮੀਟਰ ਲੈ ਕੇ ਵਾਪਸ ਮੁੜਨਾ ਪਿਆ। ਕਿਸਾਨ ਆਗੂਆਂ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਅਤੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਗਟ ਸਿੰਘ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਕਿਸੇ ਵੀ ਪਿੰਡ ਵਿੱਚ ਚਿੱਪ ਵਾਲਾ ਮੀਟਰ ਨਹੀਂ ਲੱਗਣ ਦਿੱਤਾ ਜਾਵੇਗਾ।
The post ਚਿੱਪ ਵਾਲੇ ਮੀਟਰ ਲਾਉਣ ਆਏ ਮੁਲਾਜ਼ਮਾਂ ਦਾ ਵਿਰੋਧ appeared first on punjabitribuneonline.com.