ਕਾਲੀ ਮਾਤਾ ਦੇ ਮੰਦਰ ਵਿੱਚ ਲੱਖਾਂ ਸ਼ਰਧਾਲੂ ਨਤਮਸਤਕ

ਕਾਲੀ ਮਾਤਾ ਦੇ ਮੰਦਰ ਵਿੱਚ ਲੱਖਾਂ ਸ਼ਰਧਾਲੂ ਨਤਮਸਤਕ


ਗੁਰਨਾਮ ਸਿੰਘ ਅਕੀਦਾ
ਪਟਿਆਲਾ, 22 ਅਕਤੂਬਰ
ਉੱਤਰੀ ਭਾਰਤ ਦੇ ਹਜ਼ਾਰਾਂ ਸ਼ਰਧਾਲੂਆਂ ਨੇ ਇੱਥੇ ਸ੍ਰੀ ਕਾਲੀ ਮਾਤਾ ਦੇ ਮੰਦਰ ਵਿੱਚ ਅੱਜ ਅੱਠਵੀਂ ਵਾਲੇ ਦਿਨ ਮੱਥਾ ਟੇਕਿਆ। ਇਹ ਅੱਠਵੀਂ ਇਸ ਕਰਕੇ ਜ਼ਿਆਦਾ ਮਾਨਤਾ ਰੱਖਦੀ ਹੈ ਕਿਉਂਕਿ ਇਹ ਨਰਾਤਿਆਂ ਵਾਲੀ ਅੱਠਵੀਂ ਹੈ। ਸ਼ਰਧਾਲੂ ਸਿਰਫ਼ ਅੱਠਵੀਂ ਨੂੰ ਹੀ ਨਹੀਂ ਸਗੋਂ ਨੌਂ ਨਰਾਤਿਆਂ ਵਿਚ ਵੀ ਸ੍ਰੀ ਕਾਲੀ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਦੇ ਹਨ। ਇਸ ਮੰਦਰ ਵਿੱਚ ਹਿੰਦੂ ਤੇ ਸਿੱਖ ਦੋਵੇਂ ਮੱਥਾ ਟੇਕਦੇ ਦੇਖੇ ਜਾ ਸਕਦੇ ਹਨ। ਮਾਤਾ ਦੇ ਮੰਦਰ ਦੇ ਪ੍ਰਬੰਧਕਾਂ ਅਨੁਸਾਰ ਮੱਥਾ ਟੇਕਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸੱਤਵੇਂ ਨਰਾਤੇ ਤੇ ਅੱਠਵੇਂ ਨਰਾਤੇ ਵਾਲੇ ਦਿਨ ਸ਼ਰਧਾਲੂਆਂ ਦੀ ਗਿਣਤੀ ਇੱਕ ਲੱਖ ਤੋਂ ਵੱਧ ਰਹੀ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਕਾਲੀ ਦੇਵੀ ਮੰਦਰ ਦਾ ਨਿਰਮਾਣ 1936 ਵਿੱਚ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਕੀਤਾ ਗਿਆ ਸੀ। ਮਹਾਰਾਜ ਭੁਪਿੰਦਰ ਸਿੰਘ ਮੰਦਰ ਬਣਾਉਣ ਲਈ ਮਾਂ ਕਾਲੀ ਅਤੇ ਪਵਨ ਜੋਤ ਦੀਆਂ ਛੇ ਫੁੱਟ ਉੱਚੀਆਂ ਮੂਰਤੀਆਂ ਪੱਛਮੀ ਬੰਗਾਲ ਤੋਂ ਪਟਿਆਲਾ ਲੈ ਕੇ ਆਏ ਸੀ। ਇਹ ਵਿਸ਼ਾਲ ਕੰਪਲੈਕਸ ਦੂਰ-ਦੁਰਾਡੇ ਤੋਂ ਸ਼ਰਧਾਲੂਆਂ ਨੂੰ ਖਿੱਚਦਾ ਹੈ। ਇਸ ਕੰਪਲੈਕਸ ਦੇ ਕੇਂਦਰ ਵਿੱਚ ਇਸ ਤੋਂ ਪਹਿਲਾਂ ਮਹਾਰਾਜਾ ਕਰਮ ਸਿੰਘ ਨੇ ਸ੍ਰੀ ਰਾਜ ਰਾਜੇਸ਼ਵਰੀ ਮਾਤਾ ਜੀ (ਗੌਰੀ ਦੇਵੀ) ਦਾ ਪੁਰਾਣਾ ਸਥਾਪਤ ਕੀਤਾ ਸੀ, ਜਿਸ ਨੂੰ ਪਟਿਆਲਾ ਰਿਆਸਤ ਦੀ ਕੁਲਦੇਵੀ ਕਿਹਾ ਜਾਂਦਾ ਹੈ। ਮੰਦਰ ਦੇ ਸੁੰਦਰ ਬੁਨਿਆਦੀ ਢਾਂਚੇ ਕਾਰਨ ਇਸ ਨੂੰ ਕੌਮੀ ਸਮਾਰਕ ਐਲਾਨਿਆ ਗਿਆ ਹੈ। ਮੰਦਰ ਕਮੇਟੀ ਦੇ ਮੈਂਬਰ ਸੰਦੀਪ ਬੰਧੂ ਨੇ ਦੱਸਿਆ ਕਿ ਸ਼ਰਧਾਲੂ ਇੱਥੇ ਬ੍ਰਹਮ ਮਾਤਾ ਨੂੰ ਸਰ੍ਹੋਂ ਦਾ ਤੇਲ, ਦਾਲ, ਮਠਿਆਈਆਂ, ਨਾਰੀਅਲ, ਚੂੜੀਆਂ, ਚੁੰਨੀਆਂ, ਬੱਕਰੀਆਂ, ਮੁਰਗੀਆਂ ਅਤੇ ਸ਼ਰਾਬ ਚੜ੍ਹਾਉਂਦੇ ਹਨ। ਇਹ ਮੰਦਰ ਹੁਣ ਧਰਮ ਅਰਥ ਸ਼ਾਖਾ ਦੇ ਅਧੀਨ ਹੈ, ਜਿਸ ਦੀ ਨਿਗਰਾਨੀ ‌ਪਟਿਆਲਾ ਦੇ ਡੀਸੀ ਦੀ ਚੇਅਰਮੈਨੀ ਵਿਚ ਬਣੀ ਅੱਠ ਮੈਂਬਰੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪਟਿਆਲਾ ਵਿੱਚ ਸ੍ਰੀ ਕਾਲੀ ਮਾਤਾ ਦੇ ਮੰਦਰ ਵਿੱਚ ਮੱਥਾ ਟੇਕਣ ਆਉਂਦੇ ਸ਼ਰਧਾਲੂਆਂ ਲਈ ‌ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਇਸ ਵਾਰ ਮਾਤਾ ਦੇ ਮੰਦਰ ਵਿਚ ਸਥਿਤ ਸਰੋਵਰ ਵਿੱਚ ਜਲ ਵੀ ਭਰਿਆ ਗਿਆ ਹੈ। ਇਨ੍ਹਾਂ ਨਰਾਤਿਆਂ ਵਿਚ ਲੱਖਾਂ ਸ਼ਰਧਾਲੂਆਂ ਨੇ ਮਾਤਾ ਦੇ ਮੰਦਰ ਵਿਚ ਮੱਥਾ ਟੇਕਿਆ।

The post ਕਾਲੀ ਮਾਤਾ ਦੇ ਮੰਦਰ ਵਿੱਚ ਲੱਖਾਂ ਸ਼ਰਧਾਲੂ ਨਤਮਸਤਕ appeared first on punjabitribuneonline.com.



Source link