ਰੂਪਨਗਰ: ਸਹਾਇਕ ਪ੍ਰੋਫੈਸਰ ਖ਼ੁਦਕੁਸ਼ੀ ਮਾਮਲੇ ’ਚ ਪਰਿਵਾਰ ਤੇ ਜਥੇਬੰਦੀਆਂ ਦਾ ਹਸਪਤਾਲ ਅੱਗੇ ਧਰਨਾ ਜਾਰੀ

ਰੂਪਨਗਰ: ਸਹਾਇਕ ਪ੍ਰੋਫੈਸਰ ਖ਼ੁਦਕੁਸ਼ੀ ਮਾਮਲੇ ’ਚ ਪਰਿਵਾਰ ਤੇ ਜਥੇਬੰਦੀਆਂ ਦਾ ਹਸਪਤਾਲ ਅੱਗੇ ਧਰਨਾ ਜਾਰੀ


ਜਗਮੋਹਨ ਸਿੰਘ
ਰੂਪਨਗਰ, 24 ਅਕਤੂਬਰ
ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ, ਮ੍ਰਿਤਕਾ ਦੀ ਜਥੇਬੰਦੀ ਦੇ ਸਾਥੀਆਂ ਅਤੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਤੜਕੇ ਪੌਣੇ ਤਿੰਨ ਵਜੇ ਤੱਕ ਧਰਨਾ ਦੇਣ ਦੇ ਬਾਵਜੂਦ ਪੁਲੀਸ ਵੱਲੋਂ ਮ੍ਰਿਤਕਾ ਸਹਾਇਕ ਪ੍ਰੋਫੈਸਰ ਬਲਵਿੰਦਰ ਕੌਰ ਦੇ ਖੁਦਕੁਸ਼ੀ ਨੋਟ ਮੁਤਾਬਕ ਕਾਰਵਾਈ ਨਹੀਂ ਕੀਤੀ ਗਈ। ਇਸ ਮਗਰੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਅਤੇ ਜਥੇਬੰਦਕ ਸਾਥੀਆਂ ਵੱਲੋਂ ਅੱਜ ਹਸਪਤਾਲ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਮ੍ਰਿਤਕਾ ਦੇ ਭਰਾ ਹਰਦੇਵ ਸਿੰਘ ਨੇ ਦੋਸ਼ ਲਗਾਇਆ ਕਿ ਲੋਕ ਰੋਹ ਨੂੰ ਦੇਖਦੇ ਹੋਏ ਬੀਤੀ ਰਾਤ ਪੁਲੀਸ ਨੇ ਉਨ੍ਹਾਂ ਦੇ ਬਿਆਨ ਤਾਂ ਕਲਮਬੱਧ ਕਰ ਲਏ ਹਨ ਪਰ ਉਸ ਵੱਲੋਂ ਆਪਣੀ ਭੈਣ ਦੇ ਖੁਦਕੁਸ਼ੀ ਨੋਟ ਅਨੁਸਾਰ ਲਿਖਵਾਏ ਬਿਆਨ ’ਚ ਸਿੱਖਿਆ ਮੰਤਰੀ ਦਾ ਨਾਮ ਮੁਕੱਦਮੇ ਵਿੱਚ ਸ਼ਾਮਲ ਨਹੀਂ ਕੀਤਾ। ਪੁਲੀਸ ਨੇ ਉਨ੍ਹਾਂ ਨੂੰ ਕਥਿਤ ਇੰਟਰਨੈੱਟ ਨਾ ਹੋਣ ਦਾ ਬਹਾਨਾ ਮਾਰ ਕੇ ਇਹ ਕਹਿੰਦਿਆਂ ਘਰ ਚਲੇ ਜਾਣ ਲਈ ਕਿਹਾ ਤੇ ਨਾਲ ਹੀ ਕਥਿਤ ਤੌਰ ’ਤੇ ਭਰੋਸਾ ਦਿੱਤਾ ਕਿ ਸਵੇਰੇ ਇੰਟਰਨੈੱਟ ਦੀ ਬਹਾਲੀ ਹੁੰਦਿਆਂ ਸਿੱਖਿਆ ਮੰਤਰੀ ਦਾ ਨਾਮ ਮੁਕੱਦਮੇ ਵਿੱਚ ਸ਼ਾਮਲ ਕਰਕੇ ਉਸ ਦੀ ਕਾਪੀ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਪਰ ਪੁਲੀਸ ਮੰਤਰੀ ਦਾ ਨਾਮ ਮੁਕੱਦਮੇ ਵਿੱਚ ਸ਼ਾਮਲ ਕਰਨ ਤੋਂ ਕਥਿਤ ਤੌਰ ’ਤੇ ਕਤਰਾ ਰਹੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਪੁਲੀਸ ਉਨ੍ਹਾਂ ਦੀ ਭੈਣ ਵੱਲੋਂ ਲਿਖੇ ਖੁਦਕੁਸ਼ੀ ਨੋਟ ਮੁਤਾਬਕ ਕਾਰਵਾਈ ਨਹੀਂ ਕਰਦੀ, ਉਦੋਂ ਤੱਕ ਉਹ ਪੋਸਟਮਾਰਟਮ ਨਹੀਂ ਕਰਵਾਉਣਗੇ। ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਸਿਵਲ ਹਸਪਤਾਲ ਰੂਪਨਗਰ ਦੇ ਮੁਰਦਾਘਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਧਰਨੇ ਵਿੱਚ 1158 ਸਹਾਇਕ ਪ੍ਰਫੈਸਰ ਅਤੇ ਲਾਇਬ੍ਰੇਰੀਅਨ ਫਰੰਟ ਜਥੇਬੰਦੀ ਤੋਂ ਇਲਾਵਾ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਵੀ ਸ਼ਮੂਲੀਅਤ ਕਰਨੀ ਸ਼ੁਰੂ ਕਰ ਦਿੱਤੀ ਹੈ।

The post ਰੂਪਨਗਰ: ਸਹਾਇਕ ਪ੍ਰੋਫੈਸਰ ਖ਼ੁਦਕੁਸ਼ੀ ਮਾਮਲੇ ’ਚ ਪਰਿਵਾਰ ਤੇ ਜਥੇਬੰਦੀਆਂ ਦਾ ਹਸਪਤਾਲ ਅੱਗੇ ਧਰਨਾ ਜਾਰੀ appeared first on punjabitribuneonline.com.



Source link